Nangal News(ਬਿਮਲ ਸ਼ਰਮਾ): ਨੰਗਲ ਵਿੱਚ ਨਵਵਿਆਹੁਤ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋਣ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਨੰਗਲ ਦੀ ਰੁਕਸਾਨਾ (29) ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਨੰਗਲ ਨਾਲ ਲੱਗਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼ ) ਦੇ ਪਿੰਡ ਪੁਰਖੂ ਵਿੱਚ ਆਮਿਰ ਖ਼ਾਨ ਨਾਲ ਹੋਇਆ ਸੀ।


COMMERCIAL BREAK
SCROLL TO CONTINUE READING

ਬੀਤੇ ਦਿਨ ਰੁਕਸਾਨਾ ਦੀ ਭੇਦਭਰੇ ਹਾਲਾਤ ਵਿੱਚ ਹੋਈ ਮੌਤ ਨੇ ਪੰਜਾਬ/ਹਿਮਾਚਲ ਪ੍ਰਦੇਸ਼ ਵਿੱਚ ਪੂਰੀ ਤਰ੍ਹਾਂ ਸਨਸਨੀ ਫੈਲਾ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕ ਦੀ ਮਾਤਾ ਨੇ ਹਿਮਾਚਲ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਨਾਲ ਹੀ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਗਲਾ ਘੁੱਟ ਕੇ ਮਾਰਿਆ ਗਿਆ ਹੈ ਕਿਉਂਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ।


ਬੀਬੀਐੱਮਬੀ ਦੀ ਸਰਕਾਰੀ ਕਲੋਨੀ 100 ਡਬਲ ਡੀ ਵਾਸੀ ਰੁਕਸਾਨਾ ਦੀ ਮੌਤ ਮਗਰੋਂ ਨਜ਼ਦੀਕੀ ਲੋਕਾਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਉਸਦਾ ਵਿਆਹ ਆਮਿਰ ਖ਼ਾਨ ਪੁੱਤਰ ਕਮਰਦੀਨ ਨਾਲ ਹੋਇਆ ਸੀ। ਪਤੀ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਨੌਕਰੀ ਲੱਗ ਗਈ ਸੀ। ਇਸ ਤੋਂ ਬਾਅਦ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਭੁੱਬਾਂ ਮਾਰ ਮਾਰ ਰੋਂਦੀ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਬੀਤੇ ਦਿਨੀਂ ਸ਼ਾਮ ਨੂੰ ਰੁਕਸਾਨਾ ਦੇ ਸਹੁਰੇ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਊਨਾ ਦੇ ਹਸਪਤਾਲ ਵਿੱਚ ਦਾਖ਼ਲ ਹੈ।


ਜਦੋਂ ਮੌਕੇ ਉਤੇ ਜਾ ਕੇ ਵੇਖਿਆ ਤਾਂ ਹਸਪਤਾਲ ਵਿੱਚ ਉਨ੍ਹਾਂ ਦੀ ਧੀ ਦੀ ਲਾਸ਼ ਲਵਾਰਸਾਂ ਵਾਂਗ ਪਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੇ ਗਲੇ ਉਤੇ ਨਿਸ਼ਾਨ ਤੇ ਉਸਦਾ ਚਿਹਰਾ ਨੀਲਾ ਫਿਰਿਆ ਹੋਇਆ ਸੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਨ੍ਹਾਂ ਨੂੰ ਸੂਚਨਾ ਦਿੱਤੇ ਬਿਨਾਂ ਸਹੁਰੇ ਪਰਿਵਾਰ ਵੱਲੋਂ ਪੁਲਿਸ ਨੂੰ ਨਾਲ ਲਿਜਾ ਕੇ ਉਨ੍ਹਾਂ ਧੀ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਪਰ ਪਤਾ ਲੱਗਿਆ ਹੈ ਕਿ ਉਸਦੀ ਮੌਤ ਹਸਪਤਾਲ ਦਾਖ਼ਲ ਹੋਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ।


ਪਿੰਡ ਵਿੱਚ ਇਹ ਵੀ ਗੱਲ ਉੱਠ ਰਹੀ ਹੈ ਕਿ ਉਸ ਦਾ ਗਲਾ ਘੁੱਟ ਕੇ ਮਾਰਨ ਤੋਂ ਬਾਅਦ ਛੱਤ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਪੁਲਿਸ ਮਦਦ ਕਰ ਰਹੀ ਹੈ ਪਰ ਸਾਨੂੰ ਇਨਸਾਫ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ। ਮੌਕੇ ਉਤੇ ਮੌਜੂਦ ਲੋਕਾਂ ਨੇ ਕਿਹਾ ਕਿ ਅੱਜ ਮ੍ਰਿਤਕ ਦੇਹ ਨੂੰ ਨੰਗਲ ਲਿਆਂਦਾ ਗਿਆ ਤੇ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਬ੍ਰਹਮਪੁਰ ਦੇ ਕਬਰਿਸਤਾਨ ਵਿੱਚ ਦਫਨਾਇਆ ਗਿਆ।


ਦੂਜੇ ਪਾਸੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਊਨਾ ਹਿਮਾਚਲ ਪ੍ਰਦੇਸ਼ ਪੁਲਿਸ ਅਫਸਰਾਂ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਜਿਵੇਂ ਲੜਕੀ ਨੇ ਆਤਮ ਹੱਤਿਆ ਕੀਤੀ ਹੋਵੇ ਪਰ ਹਾਲੇ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ, ਜਦੋਂ ਤੱਕ ਪੋਸਟਮਾਰਟਮ ਰਿਪੋਰਟ ਨਾ ਆ ਜਾਵੇ। ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਤਮ ਹੱਤਿਆ ਹੋਈ ਹੈ ਜਾਂ ਕਤਲ। ਫਿਲਹਾਲ ਲੜਕੀ ਦੀ ਪਰਿਵਾਰ ਦੇ ਬਿਆਨਾ ਦੇ ਆਧਾਰ ਉਤੇ ਕੁਝ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।