NIA Raid:  ਗੈਂਗਸਟਰ-ਅੱਤਵਾਦੀ ਨੈਟਵਰਕ ਨੂੰ ਜੜ੍ਹੋਂ ਪੁੱਟਣ ਲਈ ਐਨਆਈਏ ਦੀਆਂ 50 ਥਾਵਾਂ ਉਤੇ ਛਾਪੇਮਾਰੀ ਚੱਲ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਦੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਜਸਥਾਨ ਤੇ ਦਿੱਲੀ ਐਨਸੀਆਰ ਵਿੱਚ ਛਾਪੇਮਾਰੀ ਚੱਲ ਰਹੀ ਹੈ।


COMMERCIAL BREAK
SCROLL TO CONTINUE READING

ਦਿੱਲੀ ਐਨਸੀਆਰ ਵਿੱਚ 2 ਥਾਵਾਂ, ਪੰਜਾਬ ਵਿੱਚ 30 ਥਾਵਾਂ, ਹਰਿਆਣਾ ਵਿੱਚ 8 ਥਾਵਾਂ ਉਪਰ ਛਾਪੇਮਾਰੀ ਚੱਲ ਰਹੀ ਹੈ। ਫਿਰੋਜ਼ਪੁਰ ਵਿੱਚ ਐਨਆਈਏ ਨੇ ਸ਼ਹਿਰ ਦੀ ਮੱਛੀ ਮੰਡੀ ਇਲਾਕੇ ਵਿੱਚ ਸੁੰਦਰ ਉਰਫ ਜ਼ੋਰਾ ਨਾਮਕ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ। ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਨੇ ਸੁੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਉਸ ਦੇ ਅੱਤਵਾਦੀ ਅਰਸ਼ ਡੱਲਾ ਨਾਲ ਲਿੰਕ ਮਿਲੇ ਹਨ। 


ਮੋਗਾ ਦੇ ਪਿੰਡ ਤਖਤੂਪੁਰਾ ਵਿੱਚ ਇੱਕ ਸ਼ਰਾਬ ਠੇਕੇਦਾਰ ਦੇ ਘਰ ਐਨਆਈਏ ਦੀ ਟੀਮ ਨੇ ਤੜਕਸਾਰ ਛਾਪੇਮਾਰੀ ਕੀਤੀ। ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਅਰਸ਼ ਡੱਲਾ ਵੱਲੋਂ ਇਸ ਠੇਕੇਦਾਰ ਤੋਂ ਫਿਰੌਤੀ ਮੰਗੀ ਗਈ ਸੀ ਤੇ ਫਿਰੌਤੀ ਦੀ ਕੁੱਝ ਰਕਮ ਇਸ ਠੇਕੇਦਾਰ ਵੱਲੋਂ ਅਰਸ਼ ਡੱਲਾ ਨੂੰ ਦੇ ਦਿੱਤੀ ਗਈ ਸੀ। ਇਸ ਸਬੰਧੀ ਐਨਆਈਏ ਟੀਮ ਠੇਕੇਦਾਰ ਤੋਂ ਪੁੱਛਗਿੱਛ ਕਰ ਰਹੀ ਹੈ।


ਇਸ ਤੋਂ ਇਲਾਵਾ ਬਠਿੰਡਾ ਦੇ ਕਸਬਾ ਮੌੜ ਮੰਡੀ ਨਾਲ ਸਬੰਧਤ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੁਰੀ ਦੇ ਘਰ ਐਨਆਈਏ ਨੇ ਛਾਪੇਮਾਰੀ ਕੀਤੀ ਹੈ। ਐਨਆਈਏ ਦੀ ਦੂਜੀ ਟੀਮ ਵੱਲੋਂ ਗੈਂਗਸਟਰ ਹੈਰੀ ਮੋੜ ਦੇ ਮੌੜ ਮੰਡੀ ਵਿੱਚ ਛਾਪੇਮਾਰੀ ਕੀਤੀ ਗਈ ਹੈ। ਗੈਂਗਸਟਰ ਹੈਰੀ ਮੌੜ ਖਿਲਾਫ਼ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਇਲਾਕਿਆਂ ਵਿੱਚ ਵੀ ਐਨਆਈਏ ਵੱਲੋਂ ਛਾਪੇਮਾਰੀ ਦੀ ਸੂਚਨਾ ਹੈ।


ਘਨੌਰ ਹਲਕੇ ਦੇ ਖੈਰਪੁਰ ਜੱਟਾਂ ਪਿੰਡ ਦੇ ਜੰਗਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਨੰਬਰਦਾਰ ਵੱਲੋਂ ਵਿਦੇਸ਼ ਜਾਣ ਲਈ ਜੈਤੋ ਵਾਸੀ ਖੁਸ਼ਦੀਪ ਕੌਰ ਟਰੈਵਲ ਏਜੰਟ ਦੇ ਖਾਤੇ ਵਿੱਚ ਕਰੀਬ 4 ਲੱਖ ਰੁਪਏ ਪਾਏ ਸਨ ਉਸ ਸਬੰਧੀ NIA ਏਜੰਸੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਅੱਜ ਸਵੇਰੇ NIA ਦੀ ਟੀਮ ਨੇ ਮਾਨਸਾ 'ਚ ਅਚਾਨਕ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ NIA ਦੀ ਟੀਮ ਜਿਸ ਵਿਅਕਤੀ ਦੇ ਘਰ ਪਹੁੰਚੀ, ਉਸ ਦਾ ਨਾਮ ਸਾਧੂ ਸਿੰਘ ਹੈ, ਜੋ ਕਿ ਪਹਿਲਾਂ ਪੰਜਾਬ ਦੀਆਂ ਜੇਲ੍ਹਾ 'ਚ ਸਜ਼ਾ ਕੱਟ ਰਿਹਾ ਸੀ ਪਰ ਛੁੱਟੀ ਮਿਲਣ ਤੋਂ ਬਾਅਦ ਉਸ ਨੇ ਉਤਰਾਖੰਡ ਵਿੱਚ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਧੂ ਸਿੰਘ ਉੱਤਰਾਖੰਡ ਦੀ ਅਲਮੋੜਾ ਜੇਲ੍ਹ ਵਿੱਚ ਬੰਦ ਹੈ। NIA ਦੀ ਟੀਮ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ।



ਅੱਜ ਸਵੇਰ ਤੋਂ ਹੀ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਐਨਆਈਏ ਵੱਲੋਂ ਰੇਡ ਕੀਤੀ ਗਈ। ਇਸ ਦੌਰਾਨ ਐਨਆਈਏ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ, ਘਰਾਗਣਾ, ਖਿਆਲਾ ਕਲਾਂ, ਮਾਨਸਾ, ਅਤਲਾ ਖੁਰਦ, ਭੋਪਾਲ ਖ਼ੁਰਦ ਆਦਿ ਪਿੰਡਾਂ ਦੇ ਵਿੱਚ ਪੰਜ ਘੰਟੇ ਤੱਕ ਰੇਡ ਜਾਰੀ ਰਹੀ। ਇਸ ਛਾਪੇਮਾਰੀ ਦੌਰਾਨ ਐਨਆਈਏ ਦੁਆਰਾ ਸਾਧੂ ਸਿੰਘ ਵਾਸੀ ਮਾਨਸਾ,  ਜਸਪ੍ਰੀਤ ਸਿੰਘ ਵਾਸੀ ਭੋਪਾਲ ਖੁਰਦ, ਜਗਦੀਸ਼ ਸਿੰਘ ਵਾਸੀ ਬਹਿਣੀਵਾਲ, ਸ਼ਿਮਲਾ ਸਿੰਘ ਵਾਸੀ ਘਰਾਗਣਾ, ਮਨਪ੍ਰੀਤ ਸਿੰਘ ਖਿਆਲਾ ਕਲਾਂ, ਬਲਰਾਜ ਸਿੰਘ ਮਾਨਸਾ ਆਦਿ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ।


ਇਸ ਦੌਰਾਨ ਐਨਆਈਏ ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਸੀ ਪੰਜ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਐਨਆਈਏ ਦੁਆਰਾ ਕਈ ਲੋਕਾਂ ਦੇ ਦਸਤਾਵੇਜ਼ ਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਏ ਗਏ ਹਨ। ਜਰਨੈਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸਵੇਰੇ 5:00 ਵਜੇ ਤੋਂ ਹੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਦੇ ਘਰ ਪੁਲਿਸ ਨੇ ਤਲਾਸ਼ੀ ਵੀ ਜਾਰੀ ਰੱਖੀ।


ਇਸ ਦੌਰਾਨ ਉਨ੍ਹਾਂ ਦੇ ਲੜਕੇ ਨੂੰ ਅਲੱਗ ਕਮਰੇ ਦੇ ਵਿੱਚ ਬਿਠਾ ਕੇ ਪੰਜ ਘੰਟੇ ਤੱਕ ਪੁੱਛਗਿੱਛ ਕਰਦੇ ਰਹੇ। ਉਨ੍ਹਾਂ ਨੇ ਦੱਸਿਆ ਕਿ ਛਾਪੇਮਾਰੀ ਕਰਨ ਵਾਲੀ ਟੀਮ ਉਨ੍ਹਾਂ ਦੇ ਲੜਕੇ ਦਾ ਮੋਬਾਈਲ ਤੇ ਕੁਝ ਦਸਤਾਵੇਜ਼ ਨਾਲ ਲੈ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜ ਘੰਟੇ ਤੱਕ ਪੁਲਿਸ ਵੱਲੋਂ ਬਾਹਰ ਜਾਣ ਦਿੱਤਾ ਗਿਆ ਤੇ ਨਾ ਹੀ ਕਿਸੇ ਨੂੰ ਘਰ ਦੇ ਵਿੱਚ ਆਉਣ ਦਿੱਤਾ ਗਿਆ। ਇਹ ਵੀ ਦੱਸਿਆ ਕਿ ਤਲਾਸ਼ੀ ਦੌਰਾਨ ਕੋਈ ਵੀ ਸਾਡੇ ਘਰ ਦੇ ਵਿੱਚੋਂ ਚੀਜ਼ ਨਹੀਂ ਮਿਲੀ।


 


ਮਾਨਸਾ ਜ਼ਿਲ੍ਹੇ ਦੇ ਇੱਕ ਦਰਜਨ ਪਿੰਡਾਂ ਵਿੱਚ ਐਨ.ਆਈ.ਏ ਦੀ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਪਹਿਲਾਂ ਹੀ ਅਪਰਾਧੀ ਬਣੇ ਲੋਕਾਂ ਦੇ ਘਰਾਂ ਵਿੱਚ ਐਨਆਈਏ ਦੇ ਰੇਡ ਚੱਲ ਰਹੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਕਬੱਡੀ ਖਿਡਾਰੀ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਦੁਪਹਿਰ 3 ਵਜੇ ਤੋਂ NIA ਦੀ ਛਾਪੇਮਾਰੀ ਜਾਰੀ।


NIA ਦੀ ਟੀਮ ਨੇ ਅੱਜ ਫਰੀਦਕੋਟ 'ਚ ਛਾਪੇਮਾਰੀ ਕੀਤੀ। ਫਰੀਦਕੋਟ 'ਚ ਸੁਖਜੀਤ ਸਿੰਘ ਉਰਫ ਭੋਲਾ ਨਿਹੰਗ ਦੇ ਭਰਾ ਕਰਮਜੀਤ ਸਿੰਘ ਦੇ ਘਰ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ NIA ਨੇ ਪਿੰਡ ਜਿਊਣ ਸਿੰਘ ਵਾਲਾ 'ਚ ਵੀ ਛਾਪੇਮਾਰੀ ਕੀਤੀ ਸੀ। ਪਹੁੰਚ ਗਿਆ ਸੀ। ਕਰਮਜੀਤ ਸਿੰਘ ਦੇ ਸਬੰਧ ਗਰਮਖਿਆਲੀਆਂ ਨਾਲ ਦੱਸੇ ਜਾ ਰਹੇ ਹਨ।


ਇਹ ਵੀ ਪੜ੍ਹੋ : Plot Allotment Case: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ


ਪੰਜਾਬ ਤੇ ਹਰਿਆਣਾ ਵਰਗੇ ਰਾਜਾਂ ਵਿੱਚ ਲੁਕੇ ਗੈਂਗਸਟਰਾਂ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਸਬੂਤ ਮਿਲੇ ਹਨ। ਅੱਤਵਾਦੀਆਂ ਰਾਹੀਂ ਹੀ ਗੈਂਗਸਟਰਾਂ ਨੂੰ ਹਥਿਆਰ ਅਤੇ ਨਸ਼ਾ ਮਿਲ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ, ਹਰਿਆਣਾ, ਯੂਪੀ ਆਦਿ ਰਾਜਾਂ ਵਿੱਚ ਗੈਂਗਸਟਰ ਸਰਗਰਮ ਹੋ ਗਏ ਹਨ। ਇਨ੍ਹਾਂ ਗੈਂਗਸਟਰਾਂ ਨੂੰ ਆਪਣਾ ਕੰਮ ਕਰਨ ਲਈ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਿਆਂ ਅਤੇ ਖ਼ਾਲਿਸਤਾਨੀ ਅੱਤਵਾਦੀਆਂ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੀ ਕਈ ਅਜਿਹੇ ਗੈਂਗਸਟਰ ਹਨ ਜਿਨ੍ਹਾਂ ਨੂੰ ਹਥਿਆਰਾਂ ਦੀ ਲੋੜ ਹੈ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਹੀ ਅੱਤਵਾਦੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ : Faridkot Jail Clash News: ਕੇਂਦਰੀ ਮਾਡਰਨ ਜੇਲ੍ਹ 'ਚ ਹਵਾਲਾਤੀ ਤੇ ਕੈਦੀ ਆਪਸ 'ਚ ਭਿੜੇ; ਇੱਕ ਗੰਭੀਰ ਜ਼ਖ਼ਮੀ