ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਮੂਸੇਵਾਲਾ ਦੇ ਕਾਤਲ ਸ਼ਾਰਪ-ਸ਼ੂਟਰ ਅੰਕਿਤ ਸਿਰਸਾ ਨੇ ਜਾਂਚ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਉਸਨੇ ਜਾਂਚ ਟੀਮ ਨੂੰ ਦੱਸਿਆ ਕਿ ਸਾਡੇ ਨਾਲ ਗੋਲਡੀ ਬਰਾੜ ਨੇ ਧੋਖਾ ਕੀਤਾ ਹੈ। ਅੰਕਿਤ ਨੇ ਮੰਨਿਆ ਕਿ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਸਾਨੂੰ ਮੂਸੇਵਾਲਾ ਦੇ ਕਤਲ ਲਈ ਮੂੰਹ ਮੰਗੀ ਕੀਮਤ ਦੇਣੀ ਤੈਅ ਕੀਤੀ ਸੀ, ਪਰ ਕਤਲ ਹੋਣ ਤੋਂ ਬਾਅਦ ਗੋਲਡੀ ਮੁੱਕਰ ਗਿਆ। ਹੋਰ ਤਾਂ ਹੋਰ ਉਸ ਨਾਲ ਗੋਲਡੀ ਨੇ ਵਾਅਦਾ ਕੀਤਾ ਸੀ ਕਿ ਹਰਿਆਣਾ ’ਚ ਗੋਲਡੀ ਉਸਦਾ ਨਾਮ ਚਮਕਾ ਦੇਵੇਗਾ। ਪਰ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਦੱਸ ਦੇਈਏ ਕਿ ਅੰਕਿਤ 6 ਮਹੀਨੇ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦਾ ਗੈਂਗ ’ਚ ਸ਼ਾਮਲ ਹੋਇਆ ਸੀ। ਰਾਜਸਥਾਨ ’ਚ 2 ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੋਨੂੰ ਡਾਗਰ ਦੇ ਰਾਹੀਂ ਗੋਲਡੀ ਬਰਾੜ ਦੇ ਸੰਪਰਕ ’ਚ ਆ ਗਿਆ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਮੂਸੇਵਾਲਾ ਦਾ ਕਤਲ ਕਰਨ ਵੇਲੇ ਅੰਕਿਤ ਦੇ ਦੋਹਾਂ ਹੱਥਾਂ ’ਚ ਪਿਸੋਤਲਾਂ ਸਨ, ਉਸਨੇ ਨੇੜੇ ਜਾਕੇ ਮੂਸੇਵਾਲਾ ’ਤੇ ਫਾਇਰ ਕੀਤੇ ਸਨ।


COMMERCIAL BREAK
SCROLL TO CONTINUE READING


ਗੈਂਗਸਟਰ ਪ੍ਰਿਅਵਰਤ ਫ਼ੌਜੀ ਨੇ 1 ਕਰੋੜ ਦੱਸੀ ਸੀ ਮੂਸੇਵਾਲਾ ਦੇ ਕਤਲ ਦੀ ਕੀਮਤ  
ਅਕਿੰਤ ਸਿਰਸਾ ਤੋਂ ਪਹਿਲਾਂ ਸ਼ਾਰਪਸ਼ੂਟਰ ਪ੍ਰਿਅਵਰਤ ਫ਼ੌਜੀ ਅਤੇ ਕਸ਼ਿਸ਼ ਨੇ ਵੀ ਜਾਂਚ ਦੌਰਾਨ ਖੁਲਾਸਾ ਕੀਤਾ ਸੀ ਕਿ ਮੂਸੇਵਾਲਾ ਦਾ ਕਤਲ 1 ਕਰੋੜ ’ਚ ਤੈਅ ਹੋਇਆ ਸੀ। ਸ਼ਾਰਪਸੂਟਰਾਂ ਨੂੰ ਖੁਸ਼ ਕਰਨ ਤੇ ਯਕੀਨ ਦਵਾਉਣ ਲਈ ਗੋਲਡੀ ਨੇ ਹਥਿਆਰ ਤੇ 10 ਲੱਖ ਰੁਪਏ ਪਹਿਲਾਂ ਹੀ ਭਿਜਵਾ ਦਿੱਤੇ ਸਨ, ਕਤਲ ਵਾਲੇ ਦਿਨ ਇਹ ਰਕਮ ਉਨ੍ਹਾਂ ਦੀ ਗੱਡੀ ’ਚ ਸੀ।   



ਬਿਨਾਂ ਪੈਸਿਆਂ ਦੇ ਕੀਤਾ ਗਿਆ ਮੂਸੇਵਾਲਾ ਦਾ ਕਤਲ: ਗੋਲਡੀ ਬਰਾੜ
ਕੈਨੇਡਾ ’ਚ ਰਹਿ ਰਹੇ ਗੋਲਡੀ ਬਰਾੜ ਨੇ ਵੀ ਨਕਾਬਪੋਸ਼ ਹੋ ਸੋਸ਼ਲਮੀਡੀਆ ’ਤੇ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ’ਚ ਉਸਨੇ ਸਾਫ਼ ਕਿਹਾ ਹੈ ਕਿ ਮੂਸੇਵਾਲੇ ਦਾ ਕਤਲ ਕਰਨ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਗਿਰੋਹ ਕਿਸੇ ਗੈਂਗਸਟਰ ਨੂੰ ਫਿਰੋਤੀ ਨਹੀਂ ਦਿੰਦਾ। ਜੋ ਗੈਂਗਸਟਰ ਉਨ੍ਹਾਂ ਦੇ ਕਹਿਣ ’ਤੇ ਕੰਮ ਕਰਦਾ ਹੈ, ਸਿਰਫ਼ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਦੀਆਂ ਹਨ। 



ਕੈਨੇਡਾ ’ਚ ਅੰਡਰ-ਗਰਾਊਂਡ ਹੋਇਆ ਗੋਲਡੀ ਬਰਾੜ
ਗੈਂਗਸਟਰ ਗੋਲਡੀ ਬਰਾੜ ਕੈਨੇਡਾ ’ਚ ਟਰੱਕ ਡਰਾਈਵਰ ਹੈ, ਜਿਸਨੇ ਸਭ ਤੋਂ ਪਹਿਲਾਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਕੈਨੇਡਾ ’ਚ ਮੂਸੇਵਾਲਾ ਦੇ ਫ਼ੈਨਜ ਨੇ ਗੋਲਡੀ ਬਰਾੜ ਦੇ ਭੁਲੇਖੇ ’ਚ 2 ਬੰਦਿਆ ਨੂੰ ਕੁੱਟ ਦਿੱਤਾ ਹੈ ਤੇ ਦੂਜੇ ਪਾਸੇ ਗੋਲਡੀ ਖ਼ਿਲਾਫ਼ ਰੈਡ ਕਾਰਨਰ ਨੋਟਿਸ (RCN) ਵੀ ਜਾਰੀ ਹੋ ਚੁੱਕਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਗੋਲਡੀ ਬਰਾੜ ਅੰਡਰ-ਗਰਾਊਂਡ ਹੋ ਗਿਆ ਹੈ। ਉਸਨੇ ਆਪਣੇ ਸਾਰੇ ਪੁਰਾਣੇ ਫ਼ੋਨ ਨੰਬਰ ਬੰਦ ਕਰ ਦਿੱਤੇ ਹਨ, ਜਿਨ੍ਹਾਂ ਰਾਹੀਂ ਉਸ ਤੱਕ ਪਹੁੰਚਿਆ ਜਾ ਸਕਦਾ ਹੈ।