CM ਮਾਨ ਹੱਥੋਂ ਨਿਯੁਕਤੀ ਪੱਤਰ ਲੈਕੇ ਖੁਸ਼ ਹੋਏ ਅਧਿਆਪਕ ਪਰ ਪੜ੍ਹਨ ਤੋਂ ਬਾਅਦ ਨਿਕਲਿਆ ਰੋਣਾ!
ਨਵਨਿਯੁਕਤ 4161 ਮਾਸਟਰ ਕੈਡਰ ਅਧਿਆਪਕਾਂ ਨੂੰ ਮੁੱਖ ਮੰਤਰੀ ਵਲੋਂ ਨਿਯੁਕਤੀ-ਪੱਤਰ (Appointment letter) ਜਾਰੀ ਕੀਤੇ ਗਏ ਹਨ, ਇਨ੍ਹਾਂ ਪੱਤਰਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਭਰਤੀ ਹੋਣ ਵਾਲੇ ਅਧਿਆਪਕਾਂ ’ਤੇ ਨਵੀਂ ਪੈਨਸ਼ਨ ਸਕੀਮ ਲਾਗੂ ਹੋਵੇਗੀ।
Old Pension Scheme News: ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਵੰਬਰ ਮਹੀਨੇ ਦੌਰਾਨ ਨੋਟੀਫ਼ਿਕੇਸ਼ਨ ਜਾਰੀ ਕਰ 'ਪੁਰਾਣੀ ਪੈਨਸ਼ਨ' ਸਕੀਮ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰ ਕਾਗਜ਼ਾਂ ’ਚ ਇਹ ਐਲਾਨ ਸਿਰਫ਼ ਸਿਆਸੀ ਜੁਮਲਾ ਸਾਬਤ ਹੋ ਰਿਹਾ ਹੈ।
ਦਰਅਸਲ ਪਿਛਲੇ ਦਿਨਾਂ ’ਚ ਨਵਨਿਯੁਕਤ 4161 ਮਾਸਟਰ ਕੈਡਰ ਅਧਿਆਪਕਾਂ ਨੂੰ ਨਿਯੁਕਤੀ-ਪੱਤਰ (Appointment letter) ਜਾਰੀ ਕੀਤੇ ਗਏ ਹਨ, ਇਨ੍ਹਾਂ ਪੱਤਰਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਭਰਤੀ ਹੋਣ ਵਾਲੇ ਅਧਿਆਪਕਾਂ ’ਤੇ ਨਵੀਂ ਪੈਨਸ਼ਨ ਸਕੀਮ ਲਾਗੂ ਹੋਵੇਗੀ। ਇਸ ਸਬੰਧੀ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰ ਰਹੇ ਫ਼ਰੰਟ ਵਲੋਂ ਕਿਹਾ ਗਿਆ ਹੈ ਕਿ 'ਆਪ' ਸਰਕਾਰ ਦੇ ਦੋਹਰੇ ਕਿਰਦਾਰ ਅਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਕੇਵਲ ਸਿਆਸੀ ਲਾਹੇ ਲਈ ਵਰਤਣ ਵਾਲੀ ਪਹੁੰਚ ਦੀ ਨਿਖੇਧੀ ਕਰਦੇ ਹਾਂ।
ਇਸ ਸਬੰਧ ’ਚ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ ਅਤੇ ਜ਼ੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਫਰੰਟ ਵੱਲੋਂ ‘ਆਪ’ ਸਰਕਾਰ ਦੇ ਬਿਨਾਂ ਸਪੱਸ਼ਟ ਵਿਧੀ ਵਿਧਾਨ, ਮਿਤੀ ਅਤੇ ਢੰਗ ਪ੍ਰਣਾਲੀ ਨੂੰ ਅਪਣਾ ਕੇ ਜਾਰੀ ਕੀਤੇ ਪੁਰਾਣੀ ਪੈਨਸ਼ਨ ਦੇ ਨੋਟੀਫਿਕੇਸ਼ਨ ਬਾਰੇ ਲਗਾਤਾਰ ਖਦਸ਼ਾ ਪ੍ਰਗਟਾਇਆ ਜਾਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਫਰੰਟ ਵੱਲੋਂ ਮੰਗ ਕੀਤੀ ਗਈ ਸੀ ਕਿ ਸਰਕਾਰ ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ.) ਨੂੰ ਮੁਕੰਮਲ ਰੂਪ ਵਿੱਚ ਵਾਪਸ ਲੈਣ ਤੇ ਪੈਨਸ਼ਨ ਐਕਟ 1972 ਆਧਾਰਤ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਗਾਰੰਟੀ ਕਰਦਾ ਨੋਟੀਫਿਕੇਸ਼ਨ ਸਮਾਂ ਬੱਧ ਢੰਗ ਨਾਲ ਜਾਰੀ ਕਰੇ।
ਅਸਲ ’ਚ ਕੀ ਅੰਤਰ ਹੈ ਨਵੀਂ ਅਤੇ ਪੁਰਾਣੀ ਪੈਨਸ਼ਨ ਸਕੀਮ ’ਚ?
ਨਵੀਂ ਸਕੀਮ ਤਹਿਤ ਕਰਮਚਾਰੀ ਦੀ ਤਨਖ਼ਾਹ ’ਚੋਂ ਪ੍ਰਤੀ ਮਹੀਨਾ 10 ਫ਼ੀਸਦ ਕਟੌਤੀ ਕੀਤੀ ਜਾਂਦੀ ਹੈ, ਜਦਕਿ ਪੁਰਾਣੀ ਪੈਨਸ਼ਨ ਸਕੀਮ ’ਚ ਸਰਕਾਰ ਵਲੋਂ ਕੋਈ ਕਟੌਤੀ ਨਹੀਂ ਕੀਤੀ ਜਾਂਦੀ। ਨਵੀਂ ਪੈਨਸ਼ਨ ਸਕੀਮ ’ਚ ਜੀ. ਪੀ. ਐੱਫ਼. (GPF) ਦੀ ਸਹੂਲਤ ਨਹੀਂ ਹੈ ਪਰ ਪੁਰਾਣੀ ਪੈਨਸ਼ਨ ਸਕੀਮ ਤਹਿਤ ਜਨਰਲ ਪ੍ਰੋਵੀਡੈਂਟ ਫ਼ੰਡ ਦਿੱਤਾ ਜਾਂਦਾ ਹੈ।
ਨਵੇਂ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਸਕੀਮ ਤਹਿਤ ਸੇਵਾ-ਮੁਕਤ ਹੋਣ ’ਤੇ ਮੂਲ ਤਨਖ਼ਾਹ ਦੀ ਰਕਮ ’ਤੇ ਪੈਨਸ਼ਨ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਪੁਰਾਣੀ ਪੈਨਸ਼ਨ ਸਕੀਮ ’ਚ ਗਾਰੰਟੀਸ਼ੁਦਾ ਪੈਨਸ਼ਨ ਮਿਲਦੀ ਹੈ। ਨਵੀਂ ਪੈਨਸ਼ਨ ਸਕੀਮ ’ਚ ਮਹਿੰਗਾਈ ਭੱਤੇ ਦੀ ਕੋਈ ਵਿਵਸਥਾ ਨਹੀਂ ਹੈ ਪਰ ਪੁਰਾਣੀ ਸਕੀਮ ’ਚ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ।
ਪੁਰਾਣੀ ਪੈਨਸ਼ਨ ਸਕੀਮ (OPS) ਦੌਰਾਨ ਕਰਮਚਾਰੀ ਦੀ ਮੌਤ ਹੋ ਜਾਣ ’ਤੇ ਪਰਿਵਾਰ ਦੇ ਮੈਂਬਰ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਪਰ ਨਵੀਂ ਪੈਨਸ਼ਨ ਸਕੀਮ (NPS) ਕਰਮਚਾਰੀ ਦੀ ਨੌਕਰੀ ਦੌਰਾਨ ਮੌਤ ਹੋ ਜਾਣ ’ਤੇ ਜਮ੍ਹਾ ਰਾਸ਼ੀ ਦਾ 20% ਨਕਦ ਅਤੇ ਬਾਕੀ 80% ਹਿੱਸਾ ਵਿਆਜ ਦੇ ਰੂਪ ’ਚ ਪੈਨਸ਼ਨ ਵਜੋਂ ਮਿਲੇਗਾ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਢਾਈ ਸਾਲਾਂ ਪੁੱਤ ਦੀ ਲਾਸ਼ ਮੋਢੇ ’ਤੇ ਚੁੱਕ SSP ਦਫ਼ਤਰ ਪਹੁੰਚਿਆ ਕਾਂਸਟੇਬਲ