`ਦਸਤਾਰ ਹੇਠ ਵਾਲ ਨਹੀਂ ਤੇ ਨਾਮ ਨਾਲ ਸਿੰਘ ਨਹੀਂ` ਅਜਿਹੇ ਵਿਅਕਤੀ ਤੋਂ ਬੇਅਦਬੀ ਦਾ ਇਨਸਾਫ਼ ਭੁੱਲ ਜਾਓ: ਬਾਜਵਾ
ਕਾਂਗਰਸੀ ਆਗੂਆਂ ਨੇ ਬੀਤੇ ਦਿਨ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਵਾਉਣ ਲਈ ਖਟਕੜ ਕਲਾਂ ’ਚ ਪ੍ਰਦਰਸ਼ਨ ਕੀਤਾ।
ਚੰਡੀਗੜ੍ਹ: ਕਾਂਗਰਸੀ ਆਗੂਆਂ ਨੇ ਬੀਤੇ ਦਿਨ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਵਾਉਣ ਲਈ ਖਟਕੜ ਕਲਾਂ ’ਚ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ CM ਭਗਵੰਤ ਮਾਨ ’ਤੇ ਤਿੱਖਾ ਹਮਲਾ ਬੋਲਿਆ।
ਉਨ੍ਹਾਂ ਮੁੱਖ ਮੰਤਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੇ ਵਿਅਕਤੀ ਤੋਂ ਬੇਅਦਬੀ ਮਾਮਲੇ ’ਚ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਿਸਦੇ ਸਿਰ ’ਤੇ ਦਸਤਾਰ ਥੱਲੇ ਵਾਲ ਨਹੀਂ ਹਨ ਅਤੇ ਨਾਮ ਦੇ ਨਾਲ ਸਿੰਘ ਤੱਕ ਨਹੀਂ ਲਾਇਆ ਜਾਂਦਾ।
ਉਹ ਇੱਥੇ ਹੀ ਨਹੀਂ ਰੁਕੇ, ਉਨ੍ਹਾਂ CM ਭਗਵੰਤ ਮਾਨ ਦੇ ਨਾਮ ਦਾ ਮਤਲਬ Peg want Mann ਦੱਸਿਆ। ਬਾਜਵਾ ਨੇ ਕਿਹਾ ਕਿ ਸ਼ਾਮ 5 ਵਜੇ ਤੋਂ ਬਾਅਦ ਪੰਜਾਬ ਦਾ ਭਵਿੱਖ ਬੰਦ ਹੋ ਜਾਂਦਾ ਹੈ, ਇਸ ਲਈ ਉਨ੍ਹਾਂ ਤੋਂ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ।
ਪ੍ਰਤਾਪ ਸਿੰਘ ਬਾਜਵਾ ਨੇ CM ਭਗਵੰਤ ਮਾਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਆਪਣੇ ਭ੍ਰਿਸ਼ਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਖੱਲ਼ ਬਚਾਉਣ ਦੀ ਕੋਸ਼ਿਸ਼ ਕਰਨ ਤੋਂ ਬਾਜ ਆਉਣ। ਉਨ੍ਹਾਂ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਹਟਾਉਣ ਮੌਕੇ ਵੀ ਉਨ੍ਹਾਂ ਨੇ ਨੈਤਿਕਤਾ ਦੇ ਅਧਾਰ ’ਤੇ ਫ਼ੈਸਲਾ ਲਿਆ ਸੀ। ਕਿਉਂਕਿ ਵਿਜੇ ਸਿੰਗਲਾ ਦੀ ਆਡੀਓ ਕਲਿੱਪ ਨਾ ਹੀ ਮੀਡੀਆ ਅਤੇ ਨਾ ਹੀ ਵਿਰੋਧੀਆਂ ਕੋਲ ਸੀ। ਪਰ ਫੇਰ ਵੀ ਆਪਣੇ ਹੀ ਮੰਤਰੀ ਵਿਰੁੱਧ ਸਖ਼ਤ ਕਾਰਵਾਈ ਕਰਕੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ (Zero Tolrence) ਦੀ ਮਿਸਾਲ ਕਾਇਮ ਕੀਤੀ ਸੀ।
ਬਾਜਵਾ ਨੇ ਕਿਹਾ ਕਿ, ਅਸਲ ’ਚ ਸਰਾਰੀ ਮਾਮਲੇ ਨੇ ਭਗਵੰਤ ਮਾਨ ਸਰਕਾਰ ਦੇ ਦੋਹਰੇ ਮਾਪਦੰਡਾ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਪਰ ਅਸੀਂ ਵਿਰੋਧੀ ਧਿਰ ਹੋਣ ਦੇ ਨਾਤੇ ਇਸ ਮੁੱਦੇ ਨੂੰ ਉਸ ਸਮੇਂ ਤੱਕ ਨਹੀਂ ਛੱਡਾਂਗੇ, ਜਦੋਂ ਤੱਕ CM ਭਗਵੰਤ ਮਾਨ ਫ਼ੌਜਾ ਸਿੰਘ ਸਰਾਰੀ ਨੂੰ ਕੈਬਨਿਟ ਤੋਂ ਬਾਹਰ ਨਹੀਂ ਕਰਦੇ ਅਤੇ ਨਿਰਪੱਖ ਜਾਂਚ ਦਾ ਹੁਕਮ ਨਹੀਂ ਦਿੰਦੇ।