Patiala News: ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਮਨਾਏ ਜਾਣ ਵਾਲੇ ਪੰਜਾਬੀ ਮਾਹ ਦਾ ਅਗਾਜ਼ ਅੱਜ ਇੱਥੇ ਭਾਸ਼ਾ ਭਵਨ ਪਟਿਆਲਾ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹੋ ਗਿਆ।


COMMERCIAL BREAK
SCROLL TO CONTINUE READING

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਨਿੱਜੀ ਤੌਰ ’ਤੇ ਦਿਲਚਸਪੀ ਦਿਖਾਈ ਜਾ ਰਹੀ ਹੈ। ਜਿਸ ਤਹਿਤ ਸਰਕਾਰ ਵੱਲੋਂ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਹਰ ਤਰ੍ਹਾਂ ਦੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।


ਉਨ੍ਹਾਂ ਕਿਹਾ ਕਿ ਭਾਵੇਂ ਜਿੰਨੇ ਵੀ ਮਰਜੀ ਡਿਜੀਟਲ ਸੰਚਾਰ ਸਾਧਨ ਆ ਜਾਣ ਪਰ ਪੁਸਤਕ ਹਮੇਸ਼ਾ ਹੀ ਮਨੁੱਖ ਨੂੰ ਹਰ ਖੇਤਰ ’ਚ ਸੱਚੇ ਸਾਥੀ ਵਾਂਗ ਭੂਮਿਕਾ ਨਿਭਾਉਂਦੀ ਰਹੇਗੀ। ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਕੇ ਰੱਖਣਾ ਚਾਹੀਦਾ ਹੈ।


ਉਨ੍ਹਾਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਵੱਲੋਂ ਵਿਭਾਗ ਦੀਆਂ ਲੋੜਾਂ ਸਬੰਧੀ ਦਿੱਤੀ ਜਾਣਕਾਰੀ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਅਤੇ ਮੁਸ਼ਕਲਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਭਾਸ਼ਾ ਵਿਭਾਗ ਦੀ ਇਮਾਰਤ ’ਚੋਂ ਐਨ.ਸੀ.ਸੀ. ਦਾ ਦਫ਼ਤਰ ਹੋਰ ਕਿਧਰੇ ਤਬਦੀਲ ਕਰ ਦਿੱਤਾ ਜਾਵੇਗਾ।


ਡਾ. ਬਲਵੀਰ ਸਿੰਘ ਨੇ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਸਮਾਜ ਦਾ ਸ਼ੀਸ਼ਾ ਦੱਸਦਿਆਂ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੀ ਕਲਮ ਨਾਲ ਹੋਰ ਵਧੀਆ ਸਾਹਿਤ ਰਚਨ ਲਈ ਹੱਲਾਸ਼ੇਰੀ ਦਿੱਤੀ।



ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਭਾਸ਼ਾ ਵਿਭਾਗ ਦੀ ਸਰਗਮੀਆਂ, ਪ੍ਰਾਪਤੀਆਂ ਤੇ ਲੋੜਾਂ ਬਾਰ ਵਿਸਥਾਰ ’ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਵਿਭਾਗ ਦੀਆਂ ਸਰਗਰਮੀਆਂ ਤੇ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਲਈ ਪੂਰੀ ਦਿਲਚਸਪੀ ਦਿਖਾਈ ਜਾ ਰਹੀ ਹੈ।


ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਡਿਜ਼ੀਟਲ ਯੁੱਗ ਦੇ ਹਾਣ ਦੀ ਬਣਾਉਣ ਲਈ ਆਧੁਨਿਕ ਨੈੱਟਵਰਕ ਪਲੇਟਫਾਰਮਾਂ ਜਰੀਏ ਦੁਨੀਆ ਭਰ ਦੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਤਕਨੀਕੀ ਅਮਲੇ ਦੀ ਘਾਟ ਅਤੇ ਛਪਾਈ ਨਾਲ ਸਬੰਧਤ ਕਾਰਜਾਂ ਨਾਲ ਜੂਝਣਾਂ ਪੈ ਰਿਹਾ ਹੈ। ਉਨ੍ਹਾਂ ਪੁਰਸਕਾਰ ਜੇਤੂ ਸਾਹਿਤਕਾਰਾਂ ਨੂੰ ਮੁਬਾਰਕਬਾਦ ਦਿੱਤੀ।


ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ, ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ. ਆਤਮ ਰੰਧਾਵਾ, ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਅਤੇ ਡਾ. ਸਰਬਜੀਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।


ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ, ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀਆਂ ਦਾ ਸਵਾਗਤ ਕੀਤਾ। ਵਿਭਾਗ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਦਾ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਉਦਘਾਟਨ ਕੀਤਾ ਅਤੇ ਪੰਜਾਬੀ ਮਾਹ ਦਾ ਝੰਡਾ ਲਹਿਰਾਕੇ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦਾ ਅਗਾਜ਼ ਕੀਤਾ।


ਇਸ ਮੌਕੇ ਸੂਫੀ ਗਾਇਕਾ ਅਨੂਜੋਤ ਕੌਰ ਤੇ ਬਿਕਰਮ ਸੰਘਾ ਨੇ ਗਾਇਕੀ ਦੇ ਰੰਗ ਬਿਖੇਰੇ। ਇਸ ਮੌਕੇ ਭਾਸ਼ਾ ਵਿਭਾਗ ਦੇ ਰਸਾਲੇ ‘ਪੰਜਾਬੀ ਦੁਨੀਆ’ ਦਾ ਡਾ. ਸੁਰਜੀਤ ਪਾਤਰ ਵਿਸ਼ੇਸ਼ ਅੰਕ ਅਤੇ ਰਘਵੀਰ ਭਰਤ ਦੁਆਰਾ ਲਿਖੀ ਭਾਸ਼ਾ ਵਿਭਾਗ ਸਰਵੇ ਪੁਸਤਕ ਮਾਛੀਵਾੜਾ ਸਾਹਿਬ ਲੋਕ ਅਰਪਣ ਕੀਤੀ ਗਈ।


ਇਸ ਮੌਕੇ ਵਿਭਾਗ ਵੱਲੋਂ ਪੰਜਾਬੀ ਪੁਸਤਕਾਂ ਨੂੰ ਆਡੀਓ ਰੂਪ ’ਚ ਤਿਆਰ ਕਰਨ ਵਾਲੇ ਸਰਮੁਹੱਬਤ ਸਿੰਘ ਆਸਟਰੇਲੀਆ, ਹਾਂ ਜੀ ਰੇਡੀਓ ਆਸਟਰੇਲੀਆ ਰਣਯੋਧ ਸਿੰਘ, ਡਾ. ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਰਘਵੀਰ ਭਰਤ ਅਤੇ ਮਹੇਸ਼ਇੰਦਰ ਸਿੰਘ ਖੋਸਲਾ ਦਾ ਵਿਸ਼ੇਸ਼ ਸਨਮਾਨ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ, ਵੱਡੀ ਗਿਣਤੀ ’ਚ ਸਾਹਿਤਕਾਰ ਅਤੇ ਪੰਜਾਬੀ ਪ੍ਰੇਮੀ ਹਾਜ਼ਰ ਸਨ।


ਇਸ ਮੌਕੇ ਪ੍ਰਦਾਨ ਕੀਤੇ ਗਏ ਸਾਲ 2024 ਨਾਲ ਸਬੰਧਤ ਪੰਜਾਬੀ ਦੀਆਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ), ਰਣਧੀਰ ਦੀ ਪੁਸਤਕ ‘ਖ਼ਤ.. ਜੋਂ ਲਿਖਣੋਂ ਰਹਿ ਗਏ’ ਨੂੰ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ/ਮਿੰਨੀ ਕਹਾਣੀ), ਜਸਵਿੰਦਰ ਧਰਮਕੋਟ ਦੀ ਪੁਸਤਕ ‘ਮੈਲਾਨਿਨ’ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ), ਡਾ. ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਸ਼ਬਦਾਂ ਦੇ ਚਿਰਾਗ਼’ ਨੂੰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ), ਪ੍ਰੋ.(ਡਾ.) ਪਰਮਜੀਤ ਸਿੰਘ ਢੀਂਗਰਾ ਦੀ ਪੁਸਤਕ ‘ਸ਼ਬਦੋ ਵਣਜਾਰਿਓ’ ਨੂੰ, ਪ੍ਰਿੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ) ਸਰਬਜੀਤ ਸਿੰਘ ਵਿਰਕ, ਐਡਵੋਕੇਟ ਦੀ ਪੁਸਤਕ ‘ਸਮੁੱਚੀਆਂ ਲਿਖਤਾਂ ਸ਼ਹੀਦ ਭਗਤ ਸਿੰਘ’ ਨੂੰ, ਡਾ. ਐਮ. ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਪਰਮਜੀਤ ਮਾਨ ਦੀ ਪੁਸਤਕ ‘ਸਮੁੰਦਰਨਾਮਾ- ਛੱਲਾਂ ਨਾਲ ਗੱਲਾਂ’ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਜਗਜੀਤ ਸਿੰਘ ਲੱਡਾ ਦੀ ਪੁਸਤਕ ‘ਪਿਆਰਾ ਭਾਰਤ’ ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ), ਤੇਜਾ ਸਿੰਘ ਤਿਲਕ ਦੀ ਪੁਸਤਕ ‘ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ (ਨੰਦ ਕੁਮਾਰ ਦੇਵ ਸ਼ਰਮਾ)’ ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ), ਡਾ. ਗੁਰਸੇਵਕ ਲੰਬੀ ਦੀ ਪੁਸਤਕ ‘ਬਸਤੀਵਾਦ, ਉੱਤਰ ਬਸਤੀਵਾਦ ਤੇ ਪੰਜਾਬੀ ਨਾਟਕ (ਆਲੋਚਨਾ)’ ਨੂੰ ਪ੍ਰਦਾਨ ਕੀਤਾ ਗਿਆ। ਦੱਸਣਯੋਗ ਹੈ ਕਿ ਉਕਤ ਪੁਰਸਕਾਰਾਂ ਲਈ ਵੱਖ-ਵੱਖ ਵੰਨਗੀਆਂ ਦੀਆਂ 155 ਪੁਸਤਕਾਂ ਪ੍ਰਾਪਤ ਹੋਈਆਂ ਸਨ।


ਸਾਲ 2023 ਲਈ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਲਖਵਿੰਦਰ ਜੌਹਲ ਦੀ ਪੁਸਤਕ ‘ਪਾਣੀ ਹੋਏ ਵਿਚਾਰ’ ਨੂੰ, ਨਾਨਕ ਸਿੰਘ ਪੁਰਸਕਾਰ (ਨਾਵਲ) ਅਜ਼ੀਜ਼ ਸਰੋਏ ਦੇ ਨਾਵਲ ‘ਆਪਣੇ ਲੋਕ’, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ) ਬਲਦੇਵ ਸਿੰਘ ਧਾਲੀਵਾਲ ਦੀ ਪੁਸਤਕ ‘ਕੰਜ-ਕੁਆਰੀ ਧਰਤੀ’ (ਪੁਡੂਚੇਰੀ ਅਤੇ ਅੰਡੇਮਾਨ ਦੇ ਟਾਪੂਆਂ ਦਾ ਸਫ਼ਰ), ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ) ਰਾਕੇਸ਼ ਕੁਮਾਰ ਦੀ ਪੁਸਤਕ ਕ੍ਰਾਂਤੀਕਾਰੀ ਸ਼ੇਰ ਜੰਗ: ਸ਼ੇਰਾਂ ਵਰਗਾ ਸ਼ੇਰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਡਾ. ਸਰਵਨ ਸਿੰਘ ਪਰਦੇਸੀ ਦੀ ਪੁਸਤਕ ਸੂਫ਼ੀ ਲਹਿਰ ਦਾ ਸਮਾਜਕ ਮਾਡਲ (ਖੁੱਲ੍ਹੀਆਂ ਅੱਖਾਂ ਦੇ ਸੁਪਨੇ), ਪ੍ਰਿੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ) ਹਰਦੀਪ ਕੌਰ ਬਾਵਾ ਦੀ ਪੁਸਤਕ ‘ਨਾ ਨਰ ਨਾ ਨਾਰੀ’, ਡਾ.ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਵਾਸੂ ਦੀ ਪੁਸਤਕ ‘ਗੁਰਮਤਿ ਸੰਪੂਰਨ ਜੀਵਨ ਦਾ ਮਾਰਗ’, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਸਿਮਰਤ ਸੁਮੈਰਾ ਦੀ ਪੁਸਤਕ ‘ਸੁਨਹਿਰੀ ਟਾਪੂ’, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਬੂਟਾ ਸਿੰਘ ਚੌਹਾਨ ਦੀ ਪੁਸਤਕ ‘ਚੋਰ ਉਚੱਕੇ’ (ਲਕਸ਼ਮਣ ਗਾਇਕਵਾੜ), ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਵਿਆਕਰਣ/ਭਾਸ਼ਾ ਵਿਗਿਆਨ/ਹਵਾਲਾ ਗ੍ਰੰਥ) ਨਿਹਾਲ ਸਿੰਘ ਮਾਨ ਦੀ ਪੁਸਤਕ ‘ਗੁਰਬਾਣੀ ਲਿਪੀ ਗੁੱਝੇ ਭੇਦ’ ਨੂੰ ਪ੍ਰਦਾਨ ਕੀਤਾ ਗਿਆ।


ਸਾਲ 2022 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਵਿਜੇ ਵਿਵੇਕ ਦੀ ਪੁਸਤਕ ‘ਛਿਣ ਭੰਗਰ ਵੀ ਕਾਲਾਤੀਤ ਵੀ’ ਨੂੰ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ) ਅਰਵਿੰਦਰ ਕੌਰ ਧਾਲੀਵਾਲ ਦੀ ਪੁਸਤਕ ‘ਝਾਂਜਰਾਂ ਵਾਲੇ ਪੈਰ’ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ) ਜਗਤਾਰਜੀਤ ਸਿੰਘ ਦੀ ਪੁਸਤਕ ‘ਚਿੱਤਰਕਾਰੀ ਵਿੱਚ ਗੁਰੂ ਨਾਨਕ’ ਨੂੰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ਕੋਸ਼ਕਾਰੀ) ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਉੱਡਣਾ ਬਾਜ਼’ ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਡਾ. ਮਨਜੀਤ ਕੌਰ ਆਜ਼ਾਦ ਦੀ ਪੁਸਤਕ ‘ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸੱਭਿਆਚਾਰ’ ਨੂੰ, ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ (ਸੰਪਾਦਨ) ਡਾ. ਜੇ.ਬੀ. ਸੇਖੋਂ ਦੀ ਪੁਸਤਕ ‘ਚੌਥਾ ਪਹਿਰ’ ਨੂੰ, ਡਾ.ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਡਾ. ਵਿਦਵਾਨ ਸਿੰਘ ਸੋਨੀ ਦੀ ਪੁਸਤਕ ‘ਦਿਲਚਸਪ ਕਹਾਣੀ ਧਰਤੀ-ਅੰਬਰ ਦੀ’ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਸੁਦਰਸ਼ਨ ਗਾਸੋ ਦੀ ਪੁਸਤਕ ‘ਕਿੰਨਾ ਸੋਹਣਾ ਅੰਬਰ ਲਗਦੈ’ ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਭਜਨਬੀਰ ਸਿੰਘ ਦੀ ਪੁਸਤਕ ‘ਮੋਇਆ ਦਾ ਰਾਹ’ ਨੂੰ ਅਤੇ ਈਸ਼ਵਰ ਚੰਦਰ ਨੰਦਾ (ਨਾਟਕ/ਇਕਾਂਗੀ) ਕੇਵਲ ਧਾਲੀਵਾਲ ਦੀ ਪੁਸਤਕ ‘ਗੜੀ ਚਮਕੌਰ ਦੀ’ ਨੂੰ ਪ੍ਰਦਾਨ ਕੀਤਾ ਗਿਆ। ਸਾਲ 2021 ਦਾ ਨਾਨਕ ਸਿੰਘ ਪੁਰਸਕਾਰ (ਨਾਵਲ) ਬਲਦੇਵ ਸਿੰਘ ਦੀ ਪੁਸਤਕ ‘ਸੂਰਜ ਕਦੇ ਮਰਦਾ ਨਹੀਂ’ ਨੂੰ ਦਿੱਤਾ ਗਿਆ।