PCS ਅਧਿਕਾਰੀਆਂ ਦੀ ਹੜਤਾਲ ਖ਼ਤਮ, CM ਭਗਵੰਤ ਮਾਨ ਦੀ ਘੁਰਕੀ ਦਾ ਅਸਰ!
PCS ਅਧਿਕਾਰੀਆਂ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ 2 ਵਜੇ ਤੱਕ ਡਿਊਟੀ ਜੁਆਇੰਨ ਕੀਤੀ ਜਾਵੇ, ਗੈਰ-ਹਾਜ਼ਰ ਰਹਿਣ ਵਾਲੇ ਅਫ਼ਸਰਾਂ ਨੂੰ ਬਰਖ਼ਾਸਤ ਕੀਤਾ ਜਾਵੇਗਾ, ਬੈਠਕ ਦੌਰਾਨ ਵੀ ਪ੍ਰਿੰਸੀਪਲ ਸੈਕਟਰੀ ਵੇਣੂ ਗੋਪਾਲ ਸਪੱਸ਼ਟ ਕੀਤਾ ਕਿ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਸਰਕਾਰ ਦਾ ਸਖ਼ਤ ਸਟੈਂਡ ਹੈ।
PCS officer's strike News: ਸੂਬਾ ਭਰ ਦੇ PCS ਅਧਿਕਾਰੀਆਂ ਨੇ ਆਪਣੀ ਹੜਤਾਲ਼ ਬਾਅਦ ਦੁਪਹਿਰ 2 ਵਜੇ ਤੋਂ ਖ਼ਤਮ ਕਰ ਦਿੱਤੀ ਹੈ, ਸਾਰੇ ਜਲਦ ਹੀ ਡਿਊਟੀ ਜੁਆਇੰਨ ਕਰਨਗੇ। ਕੁਝ ਸਮਾਂ ਪਹਿਲਾਂ PCS ਅਧਿਕਾਰੀਆਂ ਅਤੇ CM ਭਗਵੰਤ ਮਾਨ ਦੇ ਪ੍ਰਿੰਸੀਪਲ ਸੈਕਟਰੀ ਵੇਣੂ ਗੋਪਾਲ ਵਿਚਾਲੇ ਬੈਠਕ ਚੱਲ ਰਹੀ ਸੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ (Bhagwant Mann) ਵਲੋਂ ਸੂਬਾ ਭਰ ਦੇ PCS ਅਧਿਕਾਰੀਆਂ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ 2 ਵਜੇ ਤੱਕ ਡਿਊਟੀ ਜੁਆਇੰਨ ਕੀਤੀ ਜਾਵੇ, ਗੈਰ-ਹਾਜ਼ਰ ਰਹਿਣ ਵਾਲੇ ਅਫ਼ਸਰਾਂ ਨੂੰ ਬਰਖ਼ਾਸਤ ਕੀਤਾ ਜਾਵੇਗਾ। ਬੈਠਕ ਦੌਰਾਨ ਵੀ ਪ੍ਰਿੰਸੀਪਲ ਸੈਕਟਰੀ ਵੇਣੂ ਗੋਪਾਲ ਸਪੱਸ਼ਟ ਕੀਤਾ ਕਿ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਸਰਕਾਰ ਦਾ ਸਖ਼ਤ ਸਟੈਂਡ ਹੈ।
ਉੱਧਰ PCSA ਐਸੋਸੀਏਸ਼ਨ ਦੇ ਪ੍ਰਧਾਨ ਰਾਹਤ ਓਬਰਾਏ ਦਾ ਕਹਿਣਾ ਹੈ ਕਿ ਉਹ ਹੜਤਾਲ ’ਤੇ ਨਹੀਂ ਸਨ, ਬਲਕਿ ਸਮੂਹਿਕ ਤੌਰ ’ਤੇ ਛੁੱਟੀ (Mass Leave) ’ਤੇ ਸਨ। ਸਰਕਾਰ ਵਲੋਂ ਉਨ੍ਹਾਂ ਦੀ ਮੁਸ਼ਕਿਲ ਦਾ ਹੱਲ ਕੱਢੇ ਜਾਣ ਤੋਂ ਬਾਅਦ ਉਹ ਸਾਰੇ ਡਿਊਟੀ ਜੁਆਇੰਨ ਕਰ ਰਹੇ ਹਨ।
ਦੱਸ ਦੇਈਏ ਕਿ ਲੁਧਿਆਣਾ ਦੇ ਵਿਜੀਲੈਂਸ ਅਧਿਕਾਰੀਆਂ ਨੇ RTA ਦੇ ਅਹੁਦੇ ’ਤੇ ਤਾਇਨਾਤ ਨਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। RTA ਨਰਿੰਦਰ ਸਿੰਘ ਟਰਾਂਸਪੋਰਟਰਾਂ ਤੋਂ ਚਲਾਣ ਨਾ ਕੱਟਣ ਬਦਲੇ ਮਾਸਿਕ ਵਸੂਲੀ ਕਰਦਾ ਸੀ। ਵਿਜੀਲੈਂਸ ਨੇ ਦਿਸੰਬਰ ਮਹੀਨੇ ’ਚ ਵਸੂਲੀ ਦੇ ਤੌਰ ’ਤੇ ਇਕੱਠੀ ਕੀਤੀ ਗਈ ਰਕਮ ਸਣੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ।
RTA ਨਰਿੰਦਰ ਸਿੰਘ ਦੀ ਸ਼ਿਕਾਇਤ ਪਿੰਡ ਮਾਨਕਵਲ ਦੇ ਰਹਿਣ ਵਾਲੇ ਸਤਨਾਮ ਸਿੰਘ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਸਰਕਾਰੀ ਹੈਲਪ-ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ। ਸਤਨਾਮ ਸਿੰਘ ਦੁਆਰਾ RTA ਅਫ਼ਸਰ ਨਰਿੰਦਰ ਸਿੰਘ ਅਤੇ ਪੰਜਾਬ ਹੋਮਗਾਰਡ (PHG) ਦੇ ਵਾਲੰਟੀਅਰ ਬਹਾਦੁਰ ਸਿੰਘ ਸਣੇ ਵੀਡੀਓ ਕਲਿੱਪ ਪੇਸ਼ ਕੀਤੀ ਸੀ, ਜਿਸਦੀ ਵਿਜੀਲੈਂਸ (Vigilance Bureau) ਦੁਆਰਾ ਜਾਂਚ ਕਰਨ ਤੋਂ ਬਾਅਦ ਮਾਮਲਾ ਸਹੀ ਪਾਇਆ ਗਿਆ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ RTA ਅਫ਼ਸਰ ਨਰਿੰਦਰ ਸਿੰਘ ਨੂੰ ਦਿਸੰਬਰ ਮਹੀਨੇ ’ਚ 4 ਲੱਖ ਰੁਪਏ ਰਿਸ਼ਵਤ ਦੀ ਰਕਮ ਪ੍ਰਾਪਤ ਹੋਈ ਸੀ। ਜਿਸ ਵਿਚੋਂ 1 ਲੱਖ 70 ਹਜ਼ਾਰ ਉਸਨੇ ਖ਼ੁਦ ਇਸਤੇਮਾਲ ਕੀਤੇ ਅਤੇ ਬਾਕੀ 2 ਲੱਖ 30 ਹਜ਼ਾਰ ਰੁਪਏ ਪੰਜਾਬ ਹੋਮਗਾਰਡ ਵਾਲੰਟੀਅਰ ਬਹਾਦੁਰ ਸਿੰਘ ਨੂੰ ਸੌਂਪ ਦਿੱਤੇ।