Nurpur Bedi News: ਨੂਰਪੁਰ ਬੇਦੀ ਦੇ ਪਿੰਡ ਗੋਪਾਲਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਸਮੱਸਿਆ ਪੇਸ਼ ਆ ਰਹੀ ਹੈ। ਨੂਰਪੁਰ ਬੇਦੀ ਤੋਂ ਮਵਾ ਸੜਕ ਉਪਰ ਖੜ੍ਹੇ ਰਹਿਣ ਵਾਲੇ ਇਸ ਗੰਦੇ ਪਾਣੀ ਦੇ ਕਾਰਨ ਆਮ ਰਾਹਗੀਰਾਂ ਦਾ ਲੰਘਣਾ ਬਹੁਤ ਮੁਸ਼ਕਿਲ ਬਣਿਆ ਹੋਇਆ ਹੈ, ਜਿਸ ਨੂੰ ਲੈ ਇਸ ਸਮੱਸਿਆ ਤੋਂ ਅੱਕੇ ਹੋਏ ਰਾਹਗੀਰਾਂ ਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।

 

ਮੌਕੇ ਉਤੇ ਪਹੁੰਚੇ ਬੀਡੀਪੀਓ ਜੁਝਾਰ ਸਿੰਘ ਨੇ ਕਿਹਾ ਕਿ ਜਲਦ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਸਮੱਸਿਆ ਦਾ ਢੁੱਕਵਾਂ ਹੱਲ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਐਨਾ ਵਿਰਾਟ ਰੂਪ ਧਾਰ ਲਿਆ ਹੈ ਕਿ ਹਰ ਆਮ ਖ਼ਾਸ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਕਾਰਨ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਤੇ ਲੋਕ ਬੇਵੱਸੀ ਤੇ ਮਾਯੂਸੀ ਦੇ ਆਲਮ ਵਿੱਚ ਹਨ।

 

ਵੱਡੀ ਗਿਣਤੀ ਵਿੱਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਉੱਥੇ ਹੀ ਉਨ੍ਹਾਂ ਪ੍ਰਸ਼ਾਸਨ ਨੂੰ 10 ਦਿਨ ਦਾ ਅਲਟੀਮੇਟਮ ਦਿੰਦਿਆਂ ਹੋਇਆਂ ਕਿਹਾ ਹੈ ਕਿ ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਵੱਡੇ ਪੱਧਰ ਉਤੇ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾ ਕੇ ਬੀਡੀਪੀਓ ਦਫ਼ਤਰ ਨੂਰਪੁਰ ਬੇਦੀ ਦੇ ਅੱਗੇ ਮੁੱਖ ਮਾਰਗ ਜਾਮ ਕੀਤਾ ਜਾਵੇਗਾ।

 

ਸਮੱਸਿਆ ਦੇ ਬਾਰੇ ਜਦੋਂ ਏਡੀਸੀ ਵਿਕਾਸ ਰੂਪਨਗਰ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਬੀਡੀਪੀਓ ਨੂਰਪੁਰ ਬੇਦੀ ਮੌਕੇ ਉਤੇ ਪਹੁੰਚੇ। ਜਿਨ੍ਹਾਂ ਵੱਲੋਂ ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਦਾ ਗੁੱਸਾ ਸ਼ਾਂਤ ਕਰਦਿਆਂ ਹੋਇਆ ਜਲਦ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਬੰਧਤ ਸਰਪੰਚ ਨੂੰ ਮੌਕੇ ਉਤੇ ਕਾਰਵਾਈ ਅਰੰਭਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਖੱਡਾ ਪੁੱਟਣ ਲਈ ਪੁਲਿਸ ਫੋਰਸ ਮਦਦ ਦੀ ਲੋੜ ਹੈ ਤੇ ਸਰਪੰਚ ਸਾਹਿਬ ਮਤਾ ਪਾ ਕੇ ਉਨ੍ਹਾਂ ਨੂੰ ਦੇ ਦੇਣ ਤੇ ਉਸ ਤੋਂ ਬਾਅਦ ਪੰਚਾਇਤ ਵੱਲੋਂ ਹੀ ਉਕਤ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

 

ਉੱਥੇ ਹੀ ਮੌਕੇ ਉਪਰ ਪਹੁੰਚੇ ਪਿੰਡ ਗੋਪਾਲਪੁਰ ਦੇ ਸਰਪੰਚ ਰੋਹਿਤ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਪੰਜ-ਛੇ ਸਾਲ ਤੋਂ ਇਹ ਉਕਤ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਪਾਉਣ ਲਈ ਉਨ੍ਹਾਂ ਕੋਲ ਕੋਈ ਜਗ੍ਹਾ ਮੌਜੂਦ ਨਹੀਂ ਸੀl ਕਿਉਂਕਿ ਜੋ ਟੋਬਾ ਹੈ ਉਹ ਉਪਰਲੀ ਸਾਈਟ ਹੈ ਜਦਕਿ ਪਾਣੀ ਇਹ ਹੇਠਲੀ ਸਾਇਡ ਆ ਰਿਹਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ 2022 ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮਨਜ਼ੂਰੀ ਲੈ ਕੇ ਟੋਬੇ ਲਈ ਜਗ੍ਹਾ ਮਨਜ਼ੂਰ ਕਰਵਾਈ ਹੋਈ ਹੈ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਉਨ੍ਹਾਂ ਦਾ ਕੋਈ ਸਾਥ ਨਹੀਂ ਦੇ ਰਿਹਾ ਹੈ।

 


 

ਲਗਭਗ ਇੱਕ ਮਹੀਨੇ ਤੋਂ ਉੱਚ ਅਧਿਕਾਰੀਆਂ ਦੇ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਦੇ ਸਬੰਧੀ ਬੀਡੀਪੀਓ ਦਫ਼ਤਰ ਨੂਰਪੁਰ ਬੇਦੀ ਵਿਖੇ ਟੋਬਾ ਪੁਟਵਾਉਣ ਲਈ ਪੁਲਿਸ ਫੋਰਸ ਲਈ ਚਿੱਠੀ ਆਈ ਹੋਈ ਹੈ ਪਰ ਹੁਣ ਤੱਕ ਕੋਈ ਕਰਵਾਈ ਨਹੀਂ ਹੋਈ ਹੈ ਤੇ ਉਹ ਵਾਰ-ਵਾਰ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਉਨ੍ਹਾਂ ਅੱਗੇ ਕਿਹਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਕਤ ਮਾਰਗ ਤੋਂ ਲੰਘਣ ਵਾਲੇ ਲਗਭਗ ਦੱਸ ਪਿੰਡਾਂ ਦੇ ਲੋਕਾਂ ਨੂੰ ਇਹ ਸਮੱਸਿਆ ਆ ਰਹੀ ਹੈ।

 


 

ਨੂਰਪੁਰ ਬੇਦੀ ਤੋਂ ਬਿਮਲ ਸ਼ਰਮਾ ਦੀ ਰਿਪੋਰਟ