Faridkot News (DEVA NAND SHARMA SHARMA): ਬੇਅਦਬੀ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁੜ ਸਿੱਟ ਨੇ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕਲੇਰ ਦਾ ਸਿੱਟ ਨੂੰ 2 ਦਿਨਾਂ ਦੇ ਹੋਰ ਰਿਮਾਂਡ ਵਿੱਚ ਵਾਧਾ ਕਰ ਦਿੱਤੀ ਹੈ। ਸਿੱਟ ਹੁਣ 2 ਹੋਰ ਡੇਰਾ ਪ੍ਰੇਮੀਆਂ ਦਾ ਪਤਾ ਲਗਾਉਣ ਲਈ ਮੁਲਜ਼ਮ ਤੋਂ ਪੁੱਛਗਿੱਛ ਕਰੇਗੀ।


COMMERCIAL BREAK
SCROLL TO CONTINUE READING

ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਾਲ ਸੰਬੰਧਿਤ 3 ਵੱਖ-ਵੱਖ ਮਾਮਲਿਆਂ ਵਿੱਚ SIT ਵਲੋਂ ਮੁੱਖ ਸਾਜਿਸ਼ਕਰਤਾ ਵਜੋਂ ਨਾਮਜਦ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਕਰੀਬ ਸਾਢੇ ਤਿੰਨ ਸਾਲ ਭਗੌੜਾ ਹੋਣ ਦੇ ਚਲਦੇ ਬੀਤੇ ਦਿਨੀ ਗੁਰੂ ਗ੍ਰਾਮ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਖ਼ਿਲਾਫ਼ ਮਾਨਯੋਗ ਅਦਾਲਤ ਨੇ ਭਗੌੜਾ ਹੋਣ ਸਬੰਧੀ 3 ਵੱਖ-ਵੱਖ ਮੁਕਦਮੇ ਅਪਰਾਧਿਕ ਧਾਰਾ-174 ਤਹਿਤ ਦਰਜ਼ ਕਰਵਾਏ ਸਨ। ਮਾਨਯੋਗ ਅਦਾਲਤ ਨੇ SIT ਨੂੰ ਪ੍ਰਦੀਪ ਕਲੇਰ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ। ਅੱਜ 2 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ SIT ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਸੀ। ਜਿਸ ਨੂੰ ਮਾਨਯੋਗ ਅਦਾਲਤ ਨੇ ਮੁੜ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।


ਫਰੀਦਕੋਟ ਦੇ DSP ਨੇ ਦੱਸਿਆ ਕਿ ਡੇਰਾ ਪ੍ਰੇਮੀ ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ 3 ਵੱਖ-ਵੱਖ ਮੁਕੱਦਮਿਆਂ ਵਿੱਚ ਨਾਮਜਦ ਹਨ ਅਤੇ ਇਹ ਪਿਛਲੇ ਲੰਬੇ ਸਮੇਂ ਤੋਂ ਭਗੌੜੇ ਚੱਲੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਤਿੰਨ ਮਾਮਲਿਆਂ ਵਿੱਚ ਭਗੌੜੇ ਹੋਣ ਕਾਰਨ ਇਨ੍ਹਾਂ ਖਿਲਾਫ 3 ਹੋਰ ਮੁਕਦਮੇ ਧਾਰਾ 174 ਤਹਿਤ ਦਰਜ ਹੋਏ ਹਨ।


ਉਨ੍ਹਾਂ ਦੱਸਿਆ ਕਿ SIT ਅਤੇ ਫਰੀਦਕੋਟ ਪੁਲਿਸ ਨੇ ਬੀਤੇ ਦਿਨੀ ਪ੍ਰਦੀਪ ਕਲੇਰ ਨੂੰ ਧਾਰਾ 174 ਤਹਿਤ ਭਗੌੜਾ ਚਲਦੇ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਨੂੰ ਪੇਸ਼ ਅਦਾਲਤ ਕਰ ਇਸ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ। ਇਸ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਕਰ ਕੇ ਇਸ ਤੋਂ ਬਾਕੀ 2 ਭਗੌੜੇ ਚੱਲ ਰਹੇ ਡੇਰਾ ਪ੍ਰੇਮੀਆਂ ਦਾ ਸੁਰਾਗ ਹਾਸਲ ਕਰਨ ਲਈ 4 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ, ਪਰ ਮਾਨਯੋਗ ਅਦਾਲਤ ਵਲੋਂ ਇਸ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ। ਉਨ੍ਹਾਂ ਕਿਹਾ SIT ਨੂੰ ਵੱਡੀ ਆਸ ਹੈ ਕਿ ਇਸ ਤੋਂ ਬਾਕੀ ਦੋਸ਼ੀਆਂ ਦੀ ਭਾਲ ਲਈ ਅਹਿਮ ਜਾਣਕਾਰੀ ਮਿਲ ਸਕੇਗੀ।


ਜਿਕਰਯੋਗ ਹੈ ਕਿ ਬੇਅਦਬੀ ਨਾਲ ਜੁੜੇ ਮੁਕੱਦਮਾਂ ਨੰਬਰ 63/2015, 117/2015 ਅਤੇ 128/2015 ਵਿੱਚ ਲੋੜੀਂਦਾ ਹੋਣ ਦੇ ਬਾਵਜੂਦ ਵੀ ਇਸ ਨੂੰ ਸਿਰਫ ਧਾਰਾ 174 ਦੇ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹਨਾਂ ਮੁਕੱਦਮਿਆਂ ਵਿੱਚ ਹੀ ਮੁੜ 2 ਦਿਨ ਦਾ ਰਿਮਾਂਡ ਦਿੱਤਾ ਗਿਆ। ਬੇਅਦਬੀ ਨਾਲ ਜੁੜੇ ਤਿੰਨਾਂ ਮਾਮਲਿਆਂ ਦੀ ਸੁਣਵਾਈ ਚੰਡੀਗੜ੍ਹ ਅਦਾਲਤ ਵਿੱਚ ਚੱਲ ਰਹੀ ਹੈ ਅਤੇ ਇਹਨਾਂ ਮਾਮਲਿਆਂ ਵਿੱਚ ਗ੍ਰਿਫਤਾਰੀ ਤੋਂ ਬਾਅਦ ਇਸ ਨੂੰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ।