PPSC Chairman: ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਜਤਿੰਦਰ ਸਿੰਘ ਔਲਖ 29 ਜਨਵਰੀ, 2024 ਤੋਂ 3 ਜਨਵਰੀ, 2025 ਤੱਕ ਦਾ ਆਪਣਾ ਕਾਰਜਕਾਲ ਪੂਰਾ ਕਰਕੇ ਅੱਜ ਸੇਵਾਮੁਕਤ ਹੋ ਗਏ ਹਨ। ਆਪਣੀ ਦ੍ਰਿੜ ਅਗਵਾਈ ਅਤੇ ਵਿਹਾਰਕ ਪਹੁੰਚ ਲਈ ਜਾਣੇ ਜਾਂਦੇ ਸ. ਜਤਿੰਦਰ ਸਿੰਘ ਔਲਖ ਨੇ ਆਪਣੇ ਛੋਟੇ ਪਰ ਪ੍ਰਭਾਵਸ਼ਾਲੀ ਕਾਰਜਕਾਲ ਦੌਰਾਨ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਵੱਡੇ ਸੁਧਾਰ ਕੀਤੇ ਹਨ।


COMMERCIAL BREAK
SCROLL TO CONTINUE READING

ਜ਼ਿਕਰਯੋਗ ਹੈ ਕਿ ਜਤਿੰਦਰ ਸਿੰਘ ਔਲਖ 1990 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਭਰਤੀ ਹੋਏ ਅਤੇ ਏਡੀਜੀਪੀ ਦੇ ਅਹੁਦੇ ਤੋਂ ਸੂਬੇ ਦੇ ਖੁਫ਼ੀਆ ਮੁਖੀ ਵਜੋਂ ਸੇਵਾਮੁਕਤ ਹੋਏ। ਆਪਣੇ ਕੈਰੀਅਰ ਦੌਰਾਨ, ਉਨ੍ਹਾਂ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਐਸ.ਬੀ.ਐਸ. ਨਗਰ, ਐਸ.ਏ.ਐਸ. ਨਗਰ, ਰੂਪਨਗਰ, ਅਤੇ ਸੰਗਰੂਰ ਵਰਗੇ ਜ਼ਿਲ੍ਹਿਆਂ ਵਿੱਚ ਐਸਐਸਪੀ ਸਮੇਤ ਪ੍ਰਮੁੱਖ ਅਹੁਦਿਆਂ 'ਤੇ ਡਿਊਟੀ ਨਿਭਾਈ ਤੇ ਪੰਜਾਬ ਭਰ ਵਿੱਚ ਕਾਨੂੰਨ ਵਿਵਸਥਾ ਲਾਗੂ ਕਰਨ ਵਿੱਚ ਵਿਆਪਕ ਤਜਰਬਾ ਹਾਸਲ ਕੀਤਾ।


ਆਪਣੇ ਪੂਰੇ ਕੈਰੀਅਰ ਦੌਰਾਨ, ਜਤਿੰਦਰ ਸਿੰਘ ਔਲਖ ਨੇ ਪੰਜਾਬ ਦੀਆਂ ਤਿੰਨੋਂ ਵੱਡੀਆਂ ਸਿਆਸੀ ਪਾਰਟੀਆਂ- ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ- ਦਾ ਆਪੋ-ਆਪਣੇ ਕਾਰਜਕਾਲ ਦੌਰਾਨ ਸਰਕਾਰ ਵਿੱਚ ਵਿਸ਼ਵਾਸ ਕਮਾਇਆ ਅਤੇ ਹਰੇਕ ਪ੍ਰਸ਼ਾਸਨ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ।


ਪੀ.ਪੀ.ਐਸ.ਸੀ ਚੇਅਰਮੈਨ ਹੋਣ ਦੇ ਨਾਤੇ, ਜਤਿੰਦਰ ਸਿੰਘ ਔਲਖ ਨੇ ਮਹੱਤਵਪੂਰਨ ਸੁਧਾਰਾਂ ਨੂੰ ਲਾਗੂ ਕੀਤਾ, ਜਿਸ ਵਿੱਚ ਪੰਜਾਬ ਸਿਵਲ ਸੇਵਾ (ਕਾਰਜਕਾਰੀ ਸ਼ਾਖਾ) ਦੀਆਂ ਅਸਾਮੀਆਂ ਦੀ ਭਰਤੀ ਵਾਸਤੇ ਲਈ ਜਾਣ ਵਾਲੀ ਪ੍ਰੀਲਿਮਿਨਰੀ ਪ੍ਰੀਖਿਆ ਵਿੱਚ ਸੀ ਸੈਟ ਦਾ ਪੇਪਰ ਨੂੰ ਕੁਆਲੀਫਾਇੰਗ ਪੇਪਰ ਵਜੋਂ ਲਿਆ ਜਾਣਾ ਅਤੇ ਇਸਨੂੰ ਯੂ.ਪੀ.ਐਸ.ਸੀ ਦੀ ਤਰਜ਼ ’ਤੇ ਕੀਤਾ ਜਾਣਾ ਸ਼ਾਮਲ ਹੈ। ਇਸ ਨਾਲ ਜਨਰਲ ਸਟੱਡੀਜ਼ ਦੇ ਪੇਪਰ-1 ਵਿੱਚ ਪੰਜਾਬ ਦੇ ਇਤਿਹਾਸ, ਭੂਗੋਲ, ਸੱਭਿਆਚਾਰ ਅਤੇ ਅਰਥ ਵਿਵਸਥਾ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ। ਇਸ ਤਬਦੀਲੀ ਨਾਲ ਪੇਂਡੂ ਤੇ ਪੱਛੜੇ ਖੇਤਰਾਂ ਦੇ ਨੌਜਵਾਨ ਵੀ ਹੁਣ ਮੁਕਾਬਲੇ ਦੀ ਪੀ.ਸੀ.ਐਸ. ਦੀ ਇਸ ਉਚ ਪੱਧਰੀ ਪ੍ਰੀਖਿਆ ਵਿੱਚ ਬੈਠਕੇ ਦੂਜੇ ਪ੍ਰੀਖਿਆਰਥੀਆਂ ਦੇ ਮੁਕਾਬਲੇ ਦੇ ਯੋਗ ਹੋਏ ਹਨ। ਇਹ ਸੁਧਾਰ ਪੰਜਾਬ ਦੀ ਵਿਰਾਸਤ ਨਾਲ ਮਜ਼ਬੂਤ​ਸਬੰਧ ਰੱਖਣ ਵਾਲੇ ਉਮੀਦਵਾਰਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨਗੇ।


ਜਤਿੰਦਰ ਸਿੰਘ ਔਲਖ ਨੇ ਪੀਸੀਐਸ ਨੋਟੀਫਿਕੇਸ਼ਨ, ਆਪਣੇ ਦਫਤਰ ਦੇ ਆਖਰੀ ਦਿਨ ਜਾਰੀ ਕੀਤਾ, ਜਿਸ ਵਿੱਚ 322 ਅਸਾਮੀਆਂ ਸ਼ਾਮਲ ਸਨ, ਜੋ ਕਿ ਭਰਤੀ ਪ੍ਰਕਿਰਿਆ ਨੂੰ ਸਮੇਂ ਸਿਰ ਨੇਪਰੇ ਚਾੜਨ ਲਈ​ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ 547 ਵਿਅਕਤੀਆਂ ਦੀ ਸਫਲਤਾਪੂਰਵਕ ਭਰਤੀ ਕੀਤੀ ਗਈ ਹੈ। ਇਸ ਮੌਕੇ ਕਮਿਸ਼ਨ ਦੇ ਸਕੱਤਰ ਚਰਨਜੀਤ ਸਿੰਘ ਅਤੇ ਵਿਯੋਮ ਭਾਰਦਵਾਜ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।