Prem Singh Chandumajra: ਲੋਕ ਸਭਾ ਚੋਣਾਂ 2024 ਦੇ ਨਤੀਜੇ ਚੋਣ ਕਮੀਸ਼ਨ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਦੇਸ਼ ਵਿੱਚ ਐਨਡੀਏ ਤੀਜੀ ਵਾਰ ਲਗਾਤਾਰ ਆਪਣੀ ਸਰਕਾਰ ਬਣਾ ਰਹੀ ਹੈ। ਪੰਜਾਬ ਦੀਆਂ 13 ਸੀਟਾਂ ਵਿੱਚੋਂ 7 ਸੀਟਾਂ ਉਤੇ ਕਾਂਗਰਸ, 3 ਉੱਤੇ ਆਪ 1 ਸੀਟ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਬਾਕੀ 2 ਸੀਟਾਂ ਉੱਤੇ ਅਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।


COMMERCIAL BREAK
SCROLL TO CONTINUE READING

ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਾਰ ਦਾ ਸਹਾਮਣਾ ਕਰਨਾ ਪਿਆ ਸੀ। ਇਸ ਸੀਟ ਤੋਂ  ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਜੇਤੂ ਰਹੇ ਹਨ। ਚੰਦੂਮਾਜਰਾ ਦੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਮਾਨਤ ਵੀ ਜਬਤ ਹੋਈ ਹੈ। ਹਾਰ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਦਾ ਦਰਦ ਸਹਾਮਣੇ ਆਇਆ ਹੈ।


ਉਨ੍ਹਾਂ ਨੇ ਕਿਹਾ ਕਿ ਪਾਰਟੀ ਚੋਣਾਂ ਆਪਣੇ ਬਲਬੂਤੇ ਲੜਦਿਆਂ ਨੈਸ਼ਨਲ ਏਜੰਡਾ ਤੈਅ ਨਾ ਕਰ ਸਕੀ, ਜਿਸ ਦਾ ਚੋਣ ਨਤੀਜਿਆਂ ਉੱਪਰ ਵੱਡਾ ਅਸਰ ਦਿਖਾਈ ਦਿੱਤਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵੱਲੋਂ ਖੇਤਰੀ ਮੰਗਾਂ ਅਤੇ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦੇ ਆਧਾਰ ‘ਤੇ ਚੋਣ ਲੜੀ ਗਈ।


ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਖੇਤਰੀ ਪਾਰਟੀ ਹੋਣ ਕਾਰਨ ਸ਼੍ਰੋਮਣੀ ਅਕਾਲੀ ਦੀਆਂ ਨੀਤੀਆਂ ਹਮੇਸ਼ਾਂ ਹੀ ਪੰਜਾਬ ਪੱਖੀ ਰਹੀਆਂ, ਪ੍ਰੰਤੂ ਸੂਬੇ ਦੇ ਲੋਕਾਂ ਵੱਲੋਂ ਅਕਾਲੀ ਦਲ ਦੀਆਂ ਨੀਤੀਆਂ ਨੂੰ ਪ੍ਰਵਾਨ ਨਾ ਕਰਨਾ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਇਨ੍ਹਾਂ ਕਮੀਆਂ ਨੂੰ ਦੂਰ ਕਰਕੇ ਅਕਾਲੀ ਦਲ ਪੰਜਾਬ ਦੀ ਬਿਹਤਰੀ ਲਈ ਕੰਮ ਕਰੇਗਾ ਅਤੇ ਮਜ਼ਬੂਤੀ ਨਾਲ ਉਭਰੇਗਾ।


ਚੰਦੂਮਾਜਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਮੀਟਿੰਗ ਸੱਦ ਕੇ ਪਾਰਲੀਮੈਂਟ ਚੋਣ ਨਤੀਜਿਆਂ ਦੀ ਘੋਖ ਕੀਤੀ ਜਾਵੇਗੀ ਅਤੇ ਅਗਲੇਰੀ ਰਣਨੀਤੀ ਅਤੇ ਪਾਰਟੀ ਦੀ ਮਜ਼ਬੂਤੀ ਸਬੰਧੀ ਵਿਚਾਰ ਵਟਾਂਦਰ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ  ਜੇਕਰ ਭਵਿੱਖ ਵਿੱਚ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਸਾਡੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਅਸੀਂ ਅਕਾਲੀ ਦਲ ਨੂੰ ਨਹੀਂ ਬਚਾ ਸਕਾਂਗੇ।


ਇਸ ਦੇ ਨਾਲ ਹੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਦਿਨ-ਰਾਤ ਕੀਤੀ ਸਖ਼ਤ ਮਿਹਨਤ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਫ਼ਤਵਾ ਖੜੇ ਮੱਥੇ ਪ੍ਰਵਾਨ ਕਰਦਾ ਹੈ।