ਝੋਨੇ ਦੀ ਨਿਰਵਿਘਨ ਖ਼ਰੀਦ ਦਾ ਵਾਅਦਾ ਪੂਰਾ, 4 ਘੰਟਿਆਂ ਦੇ ਅੰਦਰ ਖ਼ਾਤਿਆਂ ’ਚ ਪੈਸੇ ਟ੍ਰਾਂਸਫ਼ਰ: ਕਟਾਰੂ ਚੱਕ
ਸੂਬੇ ਦੀ ਸਰਕਾਰ ਵਲੋਂ ਇਸ ਸਾਲ ਝੋਨੇ ਲਈ ਨਿਰਧਾਰਿਤ ਕੀਤੇ 184 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਹੈ, ਇਸ ਮੁੱਦੇ ’ਤੇ ਮੰਤਰੀ ਲਾਲਚੰਦ ਕਟਾਰੂਚੱਕ ਵਲੋਂ ਵੀਰਵਾਰ ਨੂੰ ਪ੍ਰੈਸ-ਕਾਨਫ਼ਰੰਸ ਕੀਤੀ ਗਈ।
ਚੰਡੀਗੜ੍ਹ: ਸੂਬੇ ਦੀ ਸਰਕਾਰ ਵਲੋਂ ਇਸ ਸਾਲ ਝੋਨੇ ਲਈ ਨਿਰਧਾਰਿਤ ਕੀਤੇ 184 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਇਸ ਸਬੰਧੀ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲਚੰਦ ਕਟਾਰੂਚੱਕ ਨੇ ਵੀਰਵਾਰ ਨੂੰ ਪ੍ਰੈਸ-ਕਾਨਫ਼ਰੰਸ ਕੀਤੀ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਝੋਨੇ ਦਾ ਸੀਜ਼ਨ ਖ਼ਤਮ ਹੋਣ ਜਾ ਰਿਹਾ ਹੈ, ਪਰ ਸਰਕਾਰ ਵਲੋਂ ਝੋਨੇ ਦੀ ਆਮਦ ਲਈ ਸੂਬੇ ਦੀਆਂ ਮੰਡੀਆਂ ’ਚ ਟੀਮ ਦੇ ਰੂਪ ’ਚ ਕੰਮ ਕਰਦਿਆਂ ਨਿਰਧਾਰਿਤ ਟੀਚੇ ਨੂੰ ਲਗਭਗ ਪੂਰਾ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਰਾਈਸ ਨਿਰਮਾਣ ਟੈਂਡਰ ਰਾਹੀਂ ਵੀ ਪੰਜਾਬ ਸਰਕਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 100 ਕਰੋੜ ਦਾ ਲਾਭ ਪਹੁੰਚਿਆ ਹੈ।
ਇਸ ਮੌਕੇ ਖ਼ੁਰਾਕ ਮੰਤਰੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਝੋਨਾ ਵੇਚਣ ਅਤੇ ਪੈਸਿਆਂ ਸਬੰਧੀ ਕਿਸੇ ਪ੍ਰਕਾਰ ਦੀ ਦਿਕੱਤ-ਪ੍ਰੇਸ਼ਾਨੀ ਨਹੀਂ ਹੋਈ। 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਤੋਂ ਬਾਅਦ 4-4 ਘੰਟਿਆਂ ਅੰਦਰ ਹੀ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਪੈਸੇ ਟ੍ਰਾਂਸਫ਼ਰ ਕੀਤਾ ਗਏ ਹਨ। ਝੋਨੇ ਦੀ ਫ਼ਸਲ ਦੇ ਮਜ਼ਬੂਤ ਰੱਖ-ਰਖਾਓ ਦੀ ਦਿਸ਼ਾ ’ਚ ਸੂਬੇ ਅੰਦਰ 1800 ਰਵਾਇਤੀ ਮੰਡੀਆਂ, 583 ਸਾਂਝੀਆਂ ਥਾਵਾਂ ਦੀ ਨਿਸ਼ਾਨਦੇਹੀ ਅਤੇ 37 ਰਾਈਸ ਮਿਲਾਂ ਤੈਅ ਕੀਤੀਆਂ ਗਈਆਂ ਸਨ।
ਹੋਰ ਪੜ੍ਹੋ: 'ਆਪ' ਦੇ ਕਾਰਜਕਾਲ ’ਚ ਪਹਿਲਾ SCAM ਹੋਣ ਦਾ ਦਾਅਵਾ, ਅਕਾਲੀ ਦਲ ਤੇ ਕਾਂਗਰਸ ਨੇ ਸਰਕਾਰ ਨੂੰ ਘੇਰਿਆ
ਮੰਤਰੀ ਕਟਾਰੂ ਚੱਕ ਨੇ ਦੱਸਿਆ ਕਿ ਮੰਡੀਆਂ ’ਚ ਹੁਣ ਤੱਕ ਕੁੱਲ 180 ਲੱਖ 68 ਹਜ਼ਾਰ ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਹੈ ਅਤੇ ਤਕਰੀਬਨ 180 ਲੱਖ ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਘੱਟ ਤੋਂ ਘੱਟ 2060 ਰੁਪਏ ਪ੍ਰਤੀ ਕੁਇੰਟਲ MSP ਦੇ ਰੇਟ ਦੇ ਹਿਸਾਬ ਨਾਲ ਪੈਸੇ ਟ੍ਰਾਂਸਫ਼ਰ ਕੀਤੇ ਗਏ ਹਨ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਸੂਬੇ ਦੇ ਕੁਝ ਜਿਲ੍ਹਿਆਂ ਨੂੰ ਛੱਡਕੇ ਬਾਕੀ ਸਾਰੀਆਂ ਮੰਡੀਆਂ ’ਚ ਅੱਜ ਤੋਂ ਝੋਨੇ ਦੀ ਆਮਦ ਬੰਦ ਹੋ ਜਾਵੇਗੀ। ਜਿਨ੍ਹਾਂ ਜਿਲ੍ਹਿਆਂ ’ਚ ਫਿਲਹਾਲ ਖ਼ਰੀਦ ਪ੍ਰਕਿਰਿਆ ਜਾਰੀ ਹੈ ਉਨ੍ਹਾਂ ’ਚ ਜੈਤੋ, ਕੋਟਕਪੁਰਾ, ਮੋਗਾ, ਸਾਹਨੇਵਾਲ ਸ਼ਾਮਲ ਹਨ, ਇਨ੍ਹਾਂ ਥਾਵਾਂ ’ਤੇ ਹਾਲ ਦੀ ਘੜੀ ਹੋਰ ਫ਼ਸਲ ਆ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਸਮਿਆਂ ’ਚ ਕਿਸਾਨਾਂ ਨੂੰ ਬਾਹਰਲੇ ਸੂਬਿਆਂ ਤੋਂ ਆਉਣ ਵਾਲੀ ਫ਼ਸਲ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਇਸ ਵਾਰ ਪੁਖ਼ਤਾ ਪ੍ਰਬੰਧ ਕਰਕੇ ਇਸਨੂੰ ਰੋਕਿਆ ਗਿਆ। ਇਸ ਸਬੰਧੀ ਗੁਆਂਢੀ ਸੂਬਿਆਂ ਨਾਲ ਲੱਗਦੇ ਬਾਰਡਰਾਂ ’ਤੇ 21 ਨਾਕੇ ਲਗਾਏ ਗਏ ਸਨ। ਸੰਗਰੂਰ ਦੇ ਭਵਾਨੀਗੜ੍ਹ ਅਤੇ ਬਠਿੰਡਾ ’ਚ ਬਾਹਰੋਂ ਝੋਨਾ ਲਿਆਉਣ ਦਾ ਯਤਨ ਕੀਤਾ ਗਿਆ, ਪਰ ਪੰਜਾਬ ਪੁਲਿਸ ਨੇ ਇਨ੍ਹਾਂ ਟਰੱਕਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।
ਹੋਰ ਪੜ੍ਹੋ: ਬੈਂਕ ਡਕੈਤੀ ’ਚ ਸਾਬਕਾ CM ਦੇ ਨਜ਼ਦੀਕੀ ਸਰਪੰਚ ਦਾ ਨਾਮ ਆਇਆ, ਪੁਲਿਸ ਦੀ ਜਾਂਚ ’ਚ ਹੋਇਆ ਖ਼ੁਲਾਸਾ!