Moga News: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੋਗਾ ਵਿਖੇ ਸੂਬੇ ਦੀ ਪਹਿਲੀ ਭੌਂ ਪਰਖ ਪ੍ਰਯੋਗਸ਼ਾਲਾ ਦੀ ਸ਼ੁਰੂਆਤ ਕੀਤੀ
Moga News: ਇਸ ਪਲਾਂਟ ਕਲੀਨਿਕ ਵਿੱਚ ਆਈ ਸੀ ਪੀ - ਓ ਈ ਐਸ (ICP-OES) ਮਸ਼ੀਨ ਜੋ ਕਿ ਅਮਰੀਕਾ ਦੀ ਬਣੀ ਹੋਈ ਹੈ, ਸਥਾਪਿਤ ਕਰਨ ਤੋਂ ਇਲਾਵਾ ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਲਾਈਵ ਸੈਂਪਲ, ਡਿਜੀਟਲ ਮਾਈਕਰੋਸਕੋਪ, ਡਬਲ ਡਿਸਟਿਲਡ ਵਾਟਰ ਮਸ਼ੀਨ ਆਦਿ ਹੋਣਗੇ
Moga News: ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਨਾਲ ਨੀਤੀ ਆਯੋਗ ਵੱਲੋਂ ਮਿਲੀ ਗਰਾਂਟ ਦੇ ਨਾਲ ਮੋਗਾ ਵਿਖੇ ਪੰਜਾਬ ਦਾ ਪਹਿਲਾ ਪਲਾਂਟ ਕਲੀਨਿਕ ਕਮ ਭੌਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ। ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਇਹ ਪ੍ਰੋਜੈਕਟ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਪਲਾਂਟ ਕਲੀਨਿਕ ਦਾ ਉਦਘਾਟਨ ਅੱਜ ਸ. ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਨੇ ਪਿੰਡ ਦੁੱਨੇਕੇ ਵਿਖੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਪਲਾਂਟ ਕਲੀਨਿਕ ਵਿੱਚ ਆਈ ਸੀ ਪੀ - ਓ ਈ ਐਸ (ICP-OES) ਮਸ਼ੀਨ ਜੋ ਕਿ ਅਮਰੀਕਾ ਦੀ ਬਣੀ ਹੋਈ ਹੈ, ਸਥਾਪਿਤ ਕਰਨ ਤੋਂ ਇਲਾਵਾ ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਲਾਈਵ ਸੈਂਪਲ, ਡਿਜੀਟਲ ਮਾਈਕਰੋਸਕੋਪ, ਡਬਲ ਡਿਸਟਿਲਡ ਵਾਟਰ ਮਸ਼ੀਨ ਆਦਿ ਹੋਣਗੇ। ਇਹ ਆਧੁਨਿਕ ਮਸ਼ੀਨ ਜ਼ਮੀਨ ਵਿੱਚ ਮੌਜੂਦ ਸਾਰੇ ਤੱਤਾਂ ਦਾ ਅਧਿਐਨ ਕਰਨ ਦੀ ਸਮਰੱਥਾ ਰੱਖਦੀ ਹੈ। ਜ਼ਮੀਨੀ ਤੱਤਾਂ ਤੋਂ ਇਲਾਵਾ ਜ਼ਮੀਨ ਦੀ ਗੁਣਵੱਤਾ (pH value, EC value etc.) ਆਦਿ ਦੀ ਰਿਪੋਰਟ ਵੀ ਦੇਵੇਗੀ। ਜਿਸ ਨਾਲ ਬੇਲੋੜੀਆਂ ਖਾਦਾਂ, ਸਪਰੇਆਂ ਦੀ ਵਰਤੋਂ ਕਰਨ ਤੋਂ ਬਚਿਆ ਜਾ ਸਕੇਗਾ ਸਿੱਟੇ ਵਜੋਂ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਨੀਤੀ ਆਯੋਗ ਰਾਹੀਂ ਪ੍ਰਾਪਤ ਰਾਸ਼ੀ ਤੋਂ ਕਿਸਾਨਾਂ ਦੀ ਸਹੂਲਤ ਲਈ ਮੋਗਾ ਜ਼ਿਲ੍ਹੇ ਨੂੰ ਅਵਾਰਡ ਦੇ ਤੌਰ ਤੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨੀ ਨੂੰ ਮੌਜੂਦਾ ਸਮੇਂ ਦੀ ਹਾਣੀ ਬਨਾਉਣ ਲਈ ਜਿੱਥੇ ਆਧੁਨਿਕ ਤਕਨੀਕੀ ਗਿਆਨ ਦਾ ਹੋਣਾ ਜਰੂਰੀ ਹੈ।ਉੱਥੇ ਜ਼ਮੀਨ ਵਿੱਚ ਖੁਰਾਕੀ ਤੱਤਾਂ ਦੇ ਅਧਿਐਨ ਦਾ ਹੋਣਾ ਵੀ ਅਤਿ ਜ਼ਰੂਰੀ ਹੈ।ਜ਼ਮੀਨ ਦੀ ਭੌਤਿਕ ਤੇ ਰਸਾਇਣਕ ਗੁਣਵੱਤਾ ਦਾ ਪਤਾ ਹੋਣ ਦੇ ਨਾਲ-ਨਾਲ ਜਮੀਨ ਵਿੱਚ ਮੌਜੂਦ ਸਾਰੇ ਤੱਤਾਂ ਦੀ ਜਾਣਕਾਰੀ ਹਾਸਲ ਕਰਕੇ ਸੰਤੁਲਿਤ ਖਾਦਾਂ ਤੇ ਲੋੜੀਂਦੀਆਂ ਸਪਰੇਆਂ ਦੀ ਵਰਤੋਂ ਕਰਕੇ ਕਿਸਾਨ ਦੀ ਆਰਥਿਕਤਾ ਨੂੰ ਉੱਚਾ ਚੁੱਕਿਆ ਜਾ ਸਕੇ।
ਉਹਨਾਂ ਨੇ ਦੱਸਿਆ ਕਿ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਹੋਇਆ ਇਹ ਪਲਾਂਟ ਕਲੀਨਿਕ ਅਤੇ ਅਤਿ ਆਧੁਨਿਕ ਭੌ ਪਰਖ ਪ੍ਰਯੋਗਸ਼ਾਲਾ ਵਿੱਚ 1 ਘੰਟੇ ਵਿੱਚ 30 ਤੋਂ ਵੱਧ ਮਿੱਟੀ ਦੇ ਨਮੂਨੇ ਪਰਖ ਕੀਤੇ ਜਾ ਸਕਣਗੇ।ਇਹ ਨਮੂਨੇ ਕਿਸਾਨਾਂ ਲਈ ਮੁਫਤ ਟੈਸਟ ਕੀਤੇ ਜਾਇਆ ਕਰਨਗੇ।ਇਸ ਆਧੁਨਿਕ ਤਕਨੀਕ ਨਾਲ ਮਸ਼ੀਨ ਰਾਹੀਂ ਜਮੀਨ ਵਿਚਲੇ ਸਾਰੇ ਤੱਤਾਂ ਦਾ ਅਧਿਐਨ ਕਰਕੇ ਕਿਸਾਨਾਂ ਨੂੰ ਠੀਕ ਉਸੇ ਤਰ੍ਹਾਂ ਹੀ ਸਲਾਹ ਦਿੱਤੀ ਜਾਵੇਗੀ ਜਿਵੇਂ ਕਿ ਮਨੁੱਖੀ ਮਰੀਜ਼ਾਂ ਦੀ ਬਲੱਡ ਰਿਪੋਰਟ ਅਤੇ ਐਕਸ-ਰੇ ਆਦਿ ਦੇਖ ਕੇ ਇੱਕ ਚੰਗਾ ਡਾਕਟਰ ਸਲਾਹ ਦਿੰਦਾ ਹੈ।
ਇਸ ਕਲੀਨਿਕ ਵਿੱਚ ਕਿਸਾਨਾਂ ਲਈ ਇਹ ਸੁਵਿਧਾ ਵੀ ਹੋਵੇਗੀ ਕਿ ਕਿਸਾਨ ਆਪਣੇ ਖੇਤਾਂ ਵਿਚੋਂ ਫਸਲਾਂ ਦੇ ਬਿਮਾਰ ਬੂਟਿਆਂ ਨੂੰ ਜੜ੍ਹੋਂ ਪੁੱਟ ਕੇ, ਇਸ ਕਲੀਨਿਕ ਵਿੱਚ ਅਧਿਐਨ ਲਈ ਲਿਆ ਸਕਦੇ ਹਨ।ਕਲੀਨਿਕ ਵਿੱਚ ਮੌਜੂਦ ਪਲਾਂਟ ਡਾਕਟਰ ਬਿਮਾਰ ਬੂਟਿਆਂ ਦੇ ਅਧਿਐਨ ਕਰਕੇ ਆਪਣੀ ਸਲਾਹ ਕਿਸਾਨ ਨੂੰ ਦੇਣਗੇ।
ਉਨ੍ਹਾਂ ਕਿਹਾ ਕਿ ਹੁਣ ਸਾਡੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾਉਣ ਲਈ ਸੂਬੇ ਤੋਂ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਇੱਕ ਛੱਤ ਹੇਠ 70 ਤੋਂ ਵੱਧ ਟੈਸਟ ਅਤੇ ਡਾਇਗਨੋਸਿਸ ਕੀਤੇ ਜਾਣਗੇ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਇਸ ਸਹੂਲਤ ਬਾਰੇ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਉਣ ਵਾਲੇ ਵਾਢੀ ਦੇ ਸੀਜ਼ਨ ਦੌਰਾਨ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਬਜਟ 350 ਕਰੋੜ ਤੋਂ ਵਧਾ ਕੇ 500 ਕਰੋੜ ਰੁਪਏ ਕਰ ਦਿੱਤਾ ਹੈ।
ਡਾ: ਅਮਨਦੀਪ ਕੌਰ ਅਰੋੜਾ ਅਤੇ ਅੰਮ੍ਰਿਤਪਾਲ ਸਿੰਘ ਸੁਖਾਨੰਦ (ਦੋਵੇਂ ਵਿਧਾਇਕ) ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।