Punjab News: ਸਮਰਾਲਾ ਤੋਂ ਇੱਕ ਬੇਹੱਦ ਖੌਫਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਕੋਟਾਲਾ ਵਿਖੇ ਇੱਕ ਨਸ਼ੇੜੀ ਵਿਅਕਤੀ ਨੇ ਆਪਣੀ ਪਤਨੀ ਅਤੇ 17 ਸਾਲ ਦੇ ਪੁੱਤਰ ਨੂੰ ਤੇਜਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਜ਼ਖਮੀ ਕਰਦੇ ਹੋਏ ਉਨ੍ਹਾਂ ਨੂੰ ਜਿੰਦਗੀ ਅਤੇ ਮੌਤ ਦੀ ਜੰਗ ਲੜ੍ਹਨ ਲਈ ਛੱਡ ਦਿੱਤਾ ਹੈ।  ਦੱਸ ਦੇਈਏ ਕਿ ਘਟਨਾ ਇੰਨੀ ਦਿਲ ਦਹਿਲਾਉਣ ਵਾਲੀ ਸੀ ਕਿ ਖੇਤਾਂ ਵਿਚ ਤੜਫ਼ ਰਹੇ ਮਾਂ-ਪੁੱਤ ਦੀ ਹਾਲਤ ਨੂੰ ਵੇਖਦੇ ਹੋਏ ਕਿਸੇ ਪਿੰਡ ਵਾਸੀ ਦੀ ਉਨ੍ਹਾਂ ਦੇ ਨੇੜੇ ਜਾਣ ਦੀ ਹਿੰਮਤ ਵੀ ਨਹੀਂ ਪੈ ਰਹੀ ਸੀ।


COMMERCIAL BREAK
SCROLL TO CONTINUE READING

ਕੁਝ ਦੇਰ ਬਾਅਦ ਰਿਸ਼ਤੇਦਾਰਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਬੇਹੱਦ ਗੰਭੀਰ ਹੋਣ ’ਤੇ ਡਾਕਟਰਾਂ ਨੇ ਮਾਂ-ਪੁੱਤ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਦੋਸ਼ੀ ਆਪਣੇ 14 ਸਾਲ ਦੇ ਨਾਬਾਲਿਗ ਪੁੱਤ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ।



ਜਾਣਕਾਰੀ ਅਨੁਸਾਰ ਕਾਰਪੇਂਟਰ ਦਾ ਕੰਮ ਕਰਦਾ ਦੋਸ਼ੀ ਹਰਿੰਦਰ ਸਿੰਘ (40) ਕਥਿਤ ਤੌਰ ’ਤੇ ਨਸ਼ਿਆਂ ਦਾ ਆਦੀ ਸੀ, ਉਸਨੇ ਅੱਜ ਤੜਕੇ ਆਪਣੀ ਪਤਨੀ ਜਸਵਿੰਦਰ ਕੌਰ (37) ਅਤੇ 16 ਸਾਲ ਦੇ ਪੁੱਤਰ ਲਵਪ੍ਰੀਤ ਸਿੰਘ ਨੂੰ ਘਰ ਦੇ ਨੇੜੇ ਹੀ ਖੇਤਾਂ ਵਿਚ ਲਿਜਾਕੇ ਤੇਜਧਾਰ ਕੁਹਾੜੀ ਨਾਲ ਵੱਢ ਦਿੱਤਾ। ਦਰਦਿੰਗੀ ਦੀਆਂ ਹੱਦਾਂ ਪਾਰ ਕਰ ਚੁੱਕੇ ਹਰਿੰਦਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਕਈ ਵਾਰ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਅਤੇ ਮਾਸੂਮ ਪੁੱਤਰ ’ਤੇ ਵਾਰ ਕੀਤੇ ਸਰੀਰ ਦਾ ਹਰ ਹਿੱਸਾ ਵੱਢ ਸੁੱਟਿਆ। ਘਟਨਾ ਦਾ ਪਤਾ ਲੱਗਦੇ ਹੀ ਜਸਵਿੰਦਰ ਕੌਰ ਦੇ ਪੇਕੇ ਪਰਿਵਾਰ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ  ਨੂੰ ਹਸਪਤਾਲ ਪਹੁੰਚਾਇਆ।


ਇਹ ਵੀ ਪੜ੍ਹੋ: MS Dhoni: ਰਿਟਾਇਰਮੈਂਟ ਤੋਂ ਬਾਅਦ ਵੀ MS Dhoni ਦੀ ਟੈਕਸ ਅਦਾਇਗੀ ਜਾਣ ਕੇ ਹੋ ਜਾਵੋਗੇ ਹੈਰਾਨ!  

ਜਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਹੀ ਜਸਵਿੰਦਰ ਕੌਰ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ, ਉਸ ਦਾ ਜੀਜਾ ਨਸ਼ੇੜੀ ਕਿਸਮ ਦਾ ਵਿਅਕਤੀ ਹੈ ਅਤੇ ਉਹ ਪਹਿਲਾ ਵੀ ਕਈ ਵਾਰ ਝਗੜੇ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਅਤੇ ਭਾਣਜੇ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਜੀਜਾ ਘਟਨਾ ਤੋਂ ਫਰਾਰ ਹੋਣ ਵੇਲੇ ਆਪਣੇ 14 ਸਾਲ ਦੇ ਛੋਟੇ ਪੁੱਤਰ ਨੂੰ ਵੀ ਜਬਰਦਸਤੀ ਨਾਲ ਲੈ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਭਾਣਜਾ 12ਵੀਂ ਦੇ ਪੇਪਰ ਦੇ ਰਿਹਾ ਸੀ ਅਤੇ ਉਸ ਦੀ ਭੈਣ ਅਤੇ ਭਾਣਜੇ ਆਪਣੇ ਪਿਓ ਦੀ ਦਰਿੰਦਗੀ ਤੋਂ ਡਰਦੇ ਹੋਏ ਬੜੇ ਹੀ ਸਹਿਮ ਵਿੱਚ ਜਿੰਦਗੀ ਕੱਟ ਰਹੇ ਸਨ।


ਇਸ ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਹੈ ਅਤੇ ਭਗੌੜੇ ਹੋਏ ਹਰਿੰਦਰ ਸਿੰਘ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ, ਤਾਂ ਕਿ ਉਸ ਦੇ ਕਬਜੇ ਵਿੱਚੋਂ ਛੋਟੇ ਬੱਚੇ ਨੂੰ ਸਲਾਮਤ ਛੁੜਵਾਇਆ ਜਾ ਸਕੇ। ਸਿਵਲ ਹਸਪਤਾਲ ਵਿਖੇ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਦੋਵਾਂ ਦੀ ਹਾਲਤ ਬਹੁਤ ਖਰਾਬ ਹੈ ਅਤੇ ਦੋਵੇਂ ਦੇ ਸਿਰ ਦੀ ਹੱਡੀ ਤੱਕ ਡੂੰਘੇ ਜ਼ਖਮ ਹਨ, ਇਸ ਲਈ ਇਨ੍ਹਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।


 (ਸਮਰਾਲਾ ਤੋਂ ਵਰੁਣ ਕੌਸ਼ਲ ਦੀ ਰਿਪੋਰਟ)