ਚੰਡੀਗੜ੍ਹ: ਫ਼ਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਕਮਲਦੀਪ ਕੌਰ ਨੇ ਇੱਕ ਫੇਸਬੁੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ, ਮੈਨੂੰ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਨ ਪਰਿਵਾਰ ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਦੇ ਹੱਕ ਵਿੱਚ ਹਮਦਰਦੀ ਭਰੇ ਦਿੱਤੇ ਬਿਆਨ 'ਤੇ ਸਖ਼ਤ ਇਤਰਾਜ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਕਿਹਾ ਕਿ ਦੇਸ਼ ਦੀ ਇੱਕ ਏਜੰਸੀ ਵੱਲੋਂ ਕਰੱਪਸ਼ਨ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਵੀ ਸਿਮਰਨਜੀਤ ਮਾਨ ਨੂੰ ਤਸ਼ੱਦਦ, ਬੇ-ਇਨਸਾਫੀ ਤੇ ਉਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਜ਼ਰ ਆ ਰਹੀ ਹੈ ਪਰ ਗਾਂਧੀ ਪਰਿਵਾਰ ਵੱਲੋਂ ਸਿੱਖ ਕੌਮ 'ਤੇ ਢਾਹੇ ਤਸ਼ੱਦਦ ਤੇ ਜਬਰ ਜੁਲਮ ਨਜ਼ਰ ਨਹੀਂ ਆਉਂਦੇ।


ਕਮਲਦੀਪ ਕੌਰ ਰਾਜੋਆਣਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਸਵਾਲ ਪੁੱਛਦਿਆਂ ਕਿਹਾ, ਤੁਹਾਨੂੰ ਬੰਦੀ ਸਿੰਘਾਂ ਦਾ ਦਰਦ ਕਿਉਂ ਨਹੀਂ ਨਜ਼ਰ ਆਉਂਦਾ ? ਕੀ ਬੰਦੀ ਸਿੰਘਾਂ ਨਾਲ ਹੋ ਰਹੀ ਬੇ-ਇਨਸਾਫੀ ਤੁਹਾਨੂੰ ਨਜ਼ਰ ਨਹੀਂ ਆਉਂਦੀ ? ਕੀ ਬੰਦੀ ਸਿੰਘਾਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ ਹਨ? ਏਨਾਂ ਸਵਾਲਾਂ ਦੇ ਜਵਾਬ ਕੇਵਲ ਮੈਂ ਹੀ ਨਹੀਂ, ਜੇਲਾਂ ਵਿੱਚ ਬੰਦ ਬੰਦੀ ਸਿੰਘ ਤੇ ਸਮੁੱਚਾ ਖਾਲਸਾ ਪੰਥ ਤੁਹਾਡੇ ਤੋਂ ਮੰਗ ਰਿਹਾ ਹੈ।


ਇਸ ਤੋਂ ਪਹਿਲਾਂ ਬੀਤੇ ਕੱਲ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇ ਸੁਖਬੀਰ ਬਾਦਲ ਨੂੰ ਬੰਦੀ ਸਿੰਘਾਂ ਨਾਲ ਹਮਦਰਦੀ ਹੈ ਤਾਂ ਉਹ ਪ੍ਰਧਾਨਗੀ ਕਿਸੇ ਬੰਦੀ ਸਿੰਘ ਨੂੰ ਦੇਣ, ਦਮਦਮੀ ਟਕਸਾਲ ਦਾ ਮੁਖੀ ਵੀ ਕਿਸੇ ਬੰਦੀ ਸਿੰਘ ਨੂੰ ਬਣਾਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਪ੍ਰਧਾਨਗੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੌਂਪਣ, ਨਹੀਂ ਤਾਂ ਸੰਗਰੂਰ ਲੋਕ ਸਭਾ ਹਲਕੇ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਵਿੱਚ ਲੋਕਾਂ ਨੂੰ ਗੁੰਮਰਾਹ ਨਾ ਕਰਨ।


ਏਬੀਪੀ ਸਾਂਝਾ 'ਚ ਲੱਗੀ ਖ਼ਬਰ ਮੁਤਾਬਿਕ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵਜੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਿ ਫ਼ਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 7ਵੀਂ ਵਾਰ ਸੰਗਰੂਰ ਲੋਕ ਸਭ ਹਲਕੇ ਦੇ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।