Religious Story- ਉਹ ਸਥਾਨ ਜਿੱਥੇ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ
ਸ੍ਰੀ ਗੁਰੂ ਤੇਗ ਬਹਾਦਰ ਨੂੰ ਦਿੱਲੀ ਵਿਚ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦੇ ਸੀਸ ਦਾ ਸਸਕਾਰ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਗੰਜ ਵਿਚ ਕੀਤਾ। ਤੁਸੀਂ ਵੀ ਕਰੋ ਉਸ ਅਸਥਾਨ ਦੇ ਦਰਸ਼ਨ...
ਬਿਮਲ ਸ਼ਰਮਾ/ ਸ਼੍ਰੀ ਅਨੰਦਪੁਰ ਸਾਹਿਬ: ਜ਼ੀ ਮੀਡੀਆ ਜਿੱਥੇ ਰਾਜਨੀਤਿਕ 'ਤੇ ਸਮਾਜਿਕ ਖਬਰਾਂ ਨਸ਼ਰ ਕਰਦਾ ਹੈ ਤੇ ਸਰਕਾਰਾਂ ਤਕ ਪਹੁੰਚਾਉਂਦਾ ਹੈ ਉੱਥੇ ਹੀ ਧਰਮ ਤੇ ਇਤਿਹਾਸ ਨਾਲ ਜੁੜੇ ਸਥਾਨਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਉਂਦਾ ਹੈ ਤੇ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇਕ ਐਸੇ ਧਾਰਮਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਦਾ ਸਬੰਧ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਨਾਲ ਹੈ।
ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ ਅੱਜ ਇੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਮੌਜੂਦ ਹੈ। ਜੋ ਸੰਗਤ ਤਖ਼ਤ ਸ੍ਰੀ ਕੇਸਗੜ ਸਾਹਿਬ ਨਤਮਸਤਕ ਹੋਣ ਪਹੁੰਚਦੀ ਹੈ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਵੀ ਜ਼ਰੂਰ ਕਰੇ।
ਖਾਲਸਾ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਇਥੇ ਸੁਸ਼ੋਭਿਤ ਗੁਰਦੁਆਰਾ ਸੀਸ ਗੰਜ ਸਾਹਿਬ ਉਹ ਇਤਿਹਾਸ ਅਤੇ ਪਵਿੱਤਰ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸਸਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 17 ਨਵੰਬਰ 1675 ਈ. ਨੂੰ ਕੀਤਾ ਸੀ। ਮੁਗ਼ਲ ਹਕੂਮਤ ਦੇ ਨਾਬਰਾਬਰੀ ਦਮਨ ਨੂੰ ਰੋਕਣ ਅਤੇ ਭਾਰਤੀ ਲੋਕਾਈ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ (ਮੱਘਰ ਸੁਦੀ 5 ਸੰਮਤ 1732) 11 ਨਵੰਬਰ 1675 ਈ. ਨੂੰ ਹੋਈ ਸ਼ਹਾਦਤ ਉਪਰੰਤ ਦਿੱਲੀ ਵਿਖੇ ਮਚੀ ਹਫੜਾ-ਦਫੜੀ ਦੌਰਾਨ ਗੁਰੂ ਦੇ ਸਿੱਖ ਭਾਈ ਜੈਤਾ ਧਰਤੀ ‘ਤੇ ਡਿੱਗੇ ਗੁਰੂ ਸਾਹਿਬਾਨ ਦੇ ਸੀਸ ਨੂੰ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਏ।
ਨਿੰਮ ਦੇ ਦਰੱਖਤ ਦੇ ਪੱਤਿਆਂ ‘ਚ ਲਪੇਟ ਗੁਰੂ ਸਾਹਿਬਾਨ ਦੇ ਸੀਸ ਨੂੰ ਲੈ ਕੇ ਜੰਗਲਾਂ ਰਾਹੀਂ ਹਕੂਮਤ ਦੀਆਂ ਨਜ਼ਰਾਂ ਤੋਂ ਬਚਦੇ ਬਚਾਉਂਦੇ ਭਾਈ ਜੈਤਾ ਕਰੀਬ 16 ਨਵੰਬਰ ਨੂੰ ਕੀਰਤਪੁਰ ਸਾਹਿਬ ਵਿਖੇ ਰਾਤ ਵੇਲੇ ਪਹੁੰਚੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਸਾਹਿਬ ਦੇ ਸੀਸ ਸਮੇਤ ਆਪਣੇ ਪਹੁੰਚਣ ਦੀ ਸੂਚਨਾ ਦਿੱਤੀ , ਜਿਸ ‘ਤੇ ਅਗਲੀ ਸਵੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਨਾਨਕੀ , ਮਾਤਾ ਗੁਜਰੀ ਸਮੇਤ ਵੱਡੀ ਗਿਣਤੀ ਸੰਗਤਾਂ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਗਲਵੱਕੜੀ ‘ਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖ਼ਿਤਾਬ ਦੇ ਕੇ ਨਿਵਾਜਿਆ| ਇੱਥੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਜੀ ਅਤੇ ਇਕੱਤਰ ਵੈਰਾਗ ‘ਚ ਡੁੱਬੀਆਂ ਸਮੂਹ ਸੰਗਤਾਂ ਗੁਰੂ ਸਾਹਿਬ ਦੇ ਸੀਸ ਨੂੰ ਪਾਲਕੀ ‘ਚ ਸਜਾ ਕੇ ਇਸੇ ਅਸਥਾਨ ‘ਤੇ ਪਹੁੰਚੀਆਂ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲਾਂ ਦੇ ਬਿਲਕੁਲ ਸਾਹਮਣੇ ਸਥਿਤ ਹੈ| ਇਸੇ ਪਵਿੱਤਰ ਅਸਥਾਨ ‘ਤੇ ਸਤਿਗੁਰਾਂ ਦੇ ਪਾਵਨ ਸੀਸ ਦਾ ਸਸਕਾਰ ਕੀਤਾ ਗਿਆ ਸੀ| ਗੁਰਦੁਆਰਾ ਸੀਸ ਗੰਜ ਸਾਹਿਬ ਦਾ ਅੰਦਰਲਾ ਥੜ੍ਹਾ (ਸੀਸ ਦੇ ਸਸਕਾਰ ਵਾਲੀ ਥਾਂ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਿਗਰਾਨੀ ‘ਚ ਤਿਆਰ ਕਰਵਾਇਆ ਸੀ |
1704ਈ: ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਪਹਾੜੀ ਰਾਜਿਆਂ ਅਤੇ ਮੁਗ਼ਲ ਨੇ ਇਸ ਅਸਥਾਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆਂ ਜਦੋਂ ਕਿ ਬਾਕੀ ਸਮੁੱਚੇ ਸ਼ਹਿਰ ਦੀ ਇੱਟ-ਇੱਟ ਖਿਲਾਰ ਦਿੱਤੀ ਸੀ| ਇਸੇ ਅਸਥਾਨ ਦੇ ਨਾਲ ਗੁਰਦੁਆਰਾ ਅਕਾਲ ਬੰਗਾ ਸਾਹਿਬ ਸਥਿਤ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਦੇ ਸੀਸ ਦੇ ਸਸਕਾਰ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਦਾ ਭਾਣਾ ਮੰਨਣ ਅਤੇ ਸਮੇਂ ਦੀ ਜ਼ਾਲਮ ਤੇ ਜਾਬਰ ਮੁਗ਼ਲ ਹਕੂਮਤ ਦਾ ਟਾਕਰਾ ਕਰਨ ਲਈ ਤਿਆਰ ਹੋਣ ਦਾ ਸੱਦਾ ਦਿੱਤਾ ਸੀ| ਦਸਮੇਸ਼ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਮੌਕੇ ਇਸ ਅਸਥਾਨ ਦੀ ਦੇਖਭਾਲ ਲਈ ਉਦਾਸੀ ਭਾਈ ਗੁਰਬਖ਼ਸ਼ ਸਿੰਘ ਨੂੰ ਪਿੱਛੇ ਛੱਡ ਗਏ ਸਨ, ਜਿਨ੍ਹਾਂ ਨੇ ਕਾਫ਼ੀ ਲੰਮਾ ਸਮਾਂ ਇਸ ਅਸਥਾਨ ਦੀ ਸੇਵਾ ਕੀਤੀ|
WATCH LIVE TV