Sangrur Lok Sabha Seat: ਮਾਲਵਾ ਖੇਤਰ ਦੀ ਸਭ ਤੋਂ ਹੋਟ ਸੀਟ ਸੰਗਰੂਰ, ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ
Sangrur Lok Sabha Seat History: ਸੰਗਰੂਰ ਹਲਕੇ `ਚ 1952 ਤੋਂ ਲੈ ਕੇ 2019 ਤੱਕ 17 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 6 ਵਾਰ, 5 ਵਾਰ ਅਕਾਲੀ ਦਲ, ਦੋ ਵਾਰ ਅਕਾਲੀ ਦਲ-ਮਾਨ, ਇੱਕ-ਇੱਕ ਵਾਰ ਸੀਪੀਆਈ, ਏਡੀਐੱਸ ਅਤੇ 2 ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਹੈ।
Sangrur Lok Sabha Seat: ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਦੇ ਐਲਾਨ ਨਾਲ ਹੀ ਪੰਜਾਬ ਵਿੱਚ ਸਿਆਸੀ ਅਖਾੜਾ ਭੱਖ ਗਿਆ ਹੈ। ਸਿਆਸੀ ਪਾਰਟੀ ਨੇ ਚੋਣਾਂ ਨੂੰ ਲੈ ਕੇ ਆਪਣੋਂ-ਆਪਣੀਆਂ ਤਿਆਰੀਆਂ ਕੱਸ ਲਈਆਂ ਹਨ। ਪੰਜਾਬ ਵਿੱਚ ਕੁੱਲ 13 ਲੋਕ ਸਭਾ ਸੀਟ ਹਨ। ਜਿਨ੍ਹਾਂ ਨੂੰ ਜਿੱਤਣ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਪੂਰੀ ਵਾਹ ਲਗਾਉਣਗੀਆਂ। ਪੰਜਾਬ ਦੇ ਸਾਰੇ ਲੋਕ ਸਭਾ ਹਲਕੇ ਆਪਣੇ ਆਪ ਵਿੱਚ ਮਹੱਤਵਪੂਰਨ ਥਾਂ ਰੱਖੇ ਹਨ ਚਾਹੇ ਉਹ ਸਿਆਸੀ ਹੋਣ ਜਾ ਫਿਰ ਇਤਿਹਾਸਕ।
ਪੰਜਾਬ ਦਾ ਲੋਕ ਸਭਾ ਹਲਕਾ ਸੰਗਰੂਰ ਪੰਜਾਬ ਦੀ ਸਭ ਤੋਂ ਹੋਟ ਸੀਟ ਵਿੱਚ ਇੱਕ ਹੈ। ਜੇਕਰ ਗੱਲ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਪੰਜਾਬ ਦਾ ਇੱਕ ਇਤਿਹਾਸਕ ਸ਼ਹਿਰ ਹੈ ਅਤੇ ਇਹ ਮਾਲਵਾ ਖੇਤਰ ਵਿੱਚ ਪੈਂਦਾ ਹੈ। ਸੰਗਰੂਰ ਪੁਰਾਣੇ ਸਮੇਂ ਭਾਵ ਅੰਗਰੇਜ਼ਾਂ ਦੇ ਸਮੇਂ ਦੌਰਾਨ ਜੀਂਦ ਰਿਆਸਤ ਦੀ ਰਾਜਧਾਨੀ ਹੋਇਆ ਕਰਦਾ ਸੀ।
ਸੰਗਰੂਰ ਦਾ ਚੋਣ ਇਤਿਹਾਸ
ਸੰਗਰੂਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 17 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 6 ਵਾਰ, 5 ਵਾਰ ਸ਼੍ਰੋਮਣੀ ਅਕਾਲੀ ਦਲ(ਬਾਦਲ), ਦੋ ਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇੱਕ-ਇੱਕ ਵਾਰ ਸੀਪੀਆਈ, ਏਡੀਐੱਸ ਅਤੇ 2 ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ 2019 ਵਿੱਚ ਲਗਾਤਾਰ ਦੂਜੀ ਵਾਰ ਮੈਂਬਰ ਲੋਕ ਸਭਾ ਬਣੇ ਸਨ। ਇਸ ਹਲਕੇ ਤੋਂ ਕਾਂਗਰਸ, ਅਕਾਲੀ ਦਲ, ਸੀਪੀਆਈ ਜਾਂ ਫਿਰ ਪੰਥਕ ਸਿਆਸਤ ਦੇ ਆਗੂ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਇਸ ਸੀਟ 'ਤੇ ਭਗਵੰਤ ਮਾਨ ਦੀ ਜਿੱਤ ਤੋਂ ਸਾਫ ਹੁੰਦਾ ਹੈ ਕਿ ਸੰਗਰੂਰ ਦੇ ਲੋਕ ਨਵੀਂ ਧਿਰ ਨੂੰ ਮੌਕਾ ਜ਼ਰੂਰ ਦਿੰਦੇ ਹਨ।
ਇਸ ਹਲਕੇ ਦੀ ਖਾਸ ਗੱਲ ਇਹ ਹੈ ਕਿ "ਜਿਸ ਹਲਕੇ ਨੇ 1962 ਦੀਆਂ ਚੋਣਾਂ ਤੋਂ ਬਾਅਦ ਕਿਸੇ ਨੂੰ ਲਗਾਤਾਰ ਦੂਜੀ ਵਾਰ ਜਿੱਤ ਦਾ ਮੌਕਾ ਨਹੀਂ ਦਿੱਤਾ, ਉੱਥੋਂ ਭਗਵੰਤ ਮਾਨ ਲਗਾਤਾਰ (2014 ਅਤੇ 2019) ਦੂਜੀ ਵਾਰ ਜਿੱਤ ਕੇ ਸੰਸਦ ਵਿੱਚ ਪਹੁੰਚੇ।
ਸੰਗਰੂਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਸੰਗਰੂਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਸੰਗਰੂਰ, ਧੂਰੀ, ਮਲੇਰਕੋਟਲਾ, ਸੁਨਾਮ, ਦਿੜਬਾ, ਬਰਨਾਲਾ, ਲਹਿਰਾਗਾਗਾ, ਮਹਿਲਕਲਾਂ ਅਤੇ ਭਦੌੜ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ 'ਤੇ ਹੁੰਝਾ ਫੇਰ ਜਿੱਤ ਹਾਸਲ ਕੀਤੀ।
ਪਿਛਲੇ ਲੋਕ ਸਭਾ ਨਤੀਜੇ
ਸੰਗਰੂਰ ਲੋਕ ਸਭਾ ਹਲਕੇ ਦੇ ਜੇਕਰ ਪਿਛਲੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਦੋ ਵਾਰ ਤੋਂ ਲਗਾਤਾਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਬਣੇ। ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਨ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਜਿਮਨੀ ਚੋਣ ਦੌਰਾਨ 'ਆਪ' ਨੂੰ ਇਸ ਸੀਟ ਤੋਂ ਹਾਰ ਦਾ ਸਹਾਮਣਾ ਕਰਨਾ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਮਾਨ ਇਸ ਸੀਟ ਤੋਂ ਜਿੱਤ ਗਏ। ਇਸ ਤੋਂ ਪਹਿਲਾਂ ਸਾਲ 2009 ਦੇ ਵਿੱਚ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ ਸੰਗਰੂਰ ਸੀਟ ਤੋਂ ਜਿੱਤ ਹਾਸਿਲ ਕੀਤੀ ਸੀ।
ਸਾਲ | ਜੇਤੂ ਉਮੀਦਵਾਰ | ਵੋਟਾਂ | ਪ੍ਰਤੀਸ਼ਤ |
2009 | ਵਿਜੇ ਇੰਦਰ ਸਿੰਗਲਾ | 358,670 | 38.52 |
2014 | ਭਗਵੰਤ ਮਾਨ | 533,237 | 48.47 |
2019 | ਭਗਵੰਤ ਮਾਨ | 413,561 | 37.40 |
2022 | ਸਿਮਰਨਜੀਤ ਸਿੰਘ ਮਾਨ | 253,154 | 35.61 |
'ਆਪ' ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਉਮੀਦਵਾਰ ਐਲਾਨ
ਲੋਕ ਸਭਾ ਸੀਟ ਸੰਗੂਰਰ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਇਸ ਸੀਟ ਤੇ ਕੋਈ ਰਿਸਕ ਨਾ ਲੈਦੇ ਹੋਏ ਮੰਤਰੀ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਇਸ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਮੀਤ ਹੇਅਰ ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਅਤੇ ਇਸ ਵੇਲੇ ਇਹ ਪੰਜਾਬ ਦੇ ਖੇਡ ਮੰਤਰੀ ਹਨ।
ਉਧਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੁੜ ਤੋਂ ਇਸ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। 2022 ਵਿੱਚ ਜਿਮਨੀ ਚੋਣ ਵਿੱਚ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 5,822 ਵੋਟਾਂ ਨਾਲ ਹਰਾ ਦਿੱਤਾ ਸੀ।
ਕਾਂਗਰਸ ਦੇ ਦਾਅਵੇਦਾਰ
ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਹਾਲੇ ਤੱਕ ਆਪਣੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਪਰ ਇਸ ਸੀਟ ਤੇ ਕਾਂਗਰਸ ਪਾਰਟੀ ਰਿਸਕ ਨਾ ਲੈਦੇ ਹੋਏ ਕਿਸੇ ਵੱਡੇ ਲੀਡਰ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਹਲਾਂਕਿ ਧੂਰੀ ਤੋਂ ਚੋਣ ਲੜ ਚੁੱਕੇ ਦਲਬੀਰ ਸਿੰਘ ਗੋਲਡੀ ਲੋਕ ਸਭਾ ਚੋਣ ਲੜਨ ਦੇ ਲਈ ਆਪਣੀ ਦਾਵੇਦਾਰੀ ਠੋਕ ਚੁੱਕੇ ਹਨ। ਪਰ ਜਾਣਕਾਰੀ ਇਹ ਵੀ ਨਿੱਕਲ ਕੇ ਸਹਾਮਣੇ ਆ ਰਹੀ ਹੈ ਕਿ ਕਾਂਗਰਸ ਇਸ ਸੀਟ ਤੇ ਵਿਜੇ ਇੰਦਰ ਸਿੰਗਲਾ ਨੂੰ ਇਕ ਵਾਰ ਫਿਰ ਤੋਂ ਮੈਦਾਨ ਵਿੱਚ ਉਤਾਰ ਸਕਦੀ ਹੈ।
ਅਕਾਲੀ ਦਲ ਦੇ ਦਾਅਵੇਦਾਰ
ਇਸੇ ਤਰ੍ਹਾਂ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਪਾਰਟੀ ਵਿੱਚ ਵਾਪਸੀ ਕਰ ਚੁੱਕੇ ਪਰਮਿੰਦਰ ਸਿੰਘ ਢੀਂਡਸਾ ਇਸ ਸੀਟ ਤੋਂ ਪਾਰਟੀ ਦੀ ਪਹਿਲੀ ਪਸੰਦ ਹੋਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਚੁੱਕੇ ਵਿਰਨਜੀਤ ਸਿੰਘ ਗੋਲਡੀ 'ਤੇ ਵੀ ਦਾਅ ਖੇਡ ਸਕਦਾ ਹੈ। ਹੁਣ ਆਉਣ ਵਾਲਾ ਸਮ੍ਹਾਂ ਹੀ ਦੱਸੇਗਾ ਇਸ ਸੀਟ ਉੱਤੇ ਕੋਣ ਅਕਾਲੀ ਦਲ ਲਈ ਕੌਣ ਚੋਣ ਮੈਦਾਨ ਵਿੱਚ ਨਿੱਤਰ ਦਾ ਹੈ।
ਬੀਜੇਪੀ ਦੇ ਦਾਅਵੇਦਾਰ
ਜੇਕਰ ਗੱਲ ਭਾਜਪਾ ਦੀ ਕੀਤੀ ਜਾਵੇ ਤਾਂ ਭਾਜਪਾ ਦੇ ਵੀ ਕਈ ਉਮੀਦਵਾਰ ਸੂਚੀ ਦੇ ਵਿੱਚ ਸ਼ਾਮਿਲ ਹਨ। ਜਿਨ੍ਹਾਂ ਦੇ ਵਿੱਚ ਕੇਵਲ ਸਿੰਘ ਢਿੱਲੋਂ, ਅਰਵਿੰਦ ਖੰਨਾ ਅਤੇ ਅਮਨ ਪੂਨੀਆ ਵਰਗੇ ਆਗੂ ਤੇ ਦਾਅ ਖੇਡ ਸਕਦੀ ਹੈ। ਪਰ ਜਾਣਕਾਰੀ ਇਹ ਵੀ ਨਿੱਕਲਕੇ ਆ ਰਹੀ ਹੈ ਕਿ ਬੀਜੇਪੀ ਇਸ ਸੀਟ ਤੇ ਪੰਜਾਬੀ ਫਿਲਮਾਂ ਦੇ ਸਟਾਰ ਹੋਬੀ ਧਾਲੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ।