Bhakra Dam Flood Gate: ਭਾਖੜਾ ਡੈਮ `ਚ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਚਾਰੋਂ ਫਲੱਡ ਗੇਟ ਖੋਲ੍ਹੇ
Bhakra Dam Flood Gate: ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਮਗਰੋਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਚਾਰੋਂ ਫਲੱਡ ਗੇਟ ਕਰੀਬ ਇੱਕ-ਇੱਕ ਫੁੱਟ ਖੋਲ੍ਹ ਦਿੱਤੇ ਗਏ ਹਨ।
Bhakra Dam Flood Gate: ਭਾਖੜਾ ਡੈਮ ਵਿੱਚ ਵੱਧ ਰਹੇ ਪਾਣੀ ਦੇ ਪੱਧਰ 'ਤੇ ਚੱਲਦੇ ਅੱਜ ਦੇ ਚਾਰੋਂ ਫਲੱਡ ਗੇਟ ਕਰੀਬ ਇੱਕ-ਇੱਕ ਫੁੱਟ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ ਵਿਭਾਗ ਮੁਤਾਬਕ ਇਹ ਟੈਸਟਿੰਗ ਲਈ ਖੋਲ੍ਹੇ ਗਏ ਹਨ। ਅੱਜ ਸਵੇਰੇ ਪਾਣੀ ਦਾ ਲੈਵਲ 1671.27 ਮਾਪਿਆਂ ਗਿਆ ਤੇ ਬੀਬੀਐਮਬੀ ਵਾਟਰ ਰੈਗੂਲੇਸ਼ਨ ਦੇ ਡਿਜ਼ਾਇਨ ਇੰਜੀਨੀਅਰ ਵੱਲੋਂ ਜਾਰੀ ਕੀਤੀ ਗਈ ਚਿੱਠੀ ਅਨੁਸਾਰ ਸਤਲੁਜ ਦਰਿਆ ਵਿਚ ਨੰਗਲ ਡੈਮ ਰਾਹੀਂ 27500 ਕਿਊਸਿਕ ਪਾਣੀ ਛੱਡਿਆ ਜਾਵੇਗਾ।
ਇਹ ਵੀ ਪੜ੍ਹੋ: Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!
ਪਹਿਲਾ ਇਹ ਪਾਣੀ 19400 ਕਿਊਸਿਕ ਸੀ, ਹੁਣ ਸਤਲੁਜ ਦਰਿਆ ਵਿੱਚ ਪਾਣੀ ਦੀ ਮਾਤਰਾ ਵਧਾਈ ਜਾ ਰਹੀ ਹੈ। ਭਾਖੜਾ ਡੈਮ ਤੋਂ ਪਹਿਲਾ 42000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਤੇ ਅੱਜ ਤੋਂ ਇਹ ਵਧਾ ਕੇ ਲਗਭਗ 50000 ਕਿਊਸਿਕ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਨੰਗਲ ਡੈਮ ਤੋਂ ਨਿਕਲਣ ਵਾਲੀਆਂ ਦੋਵੇਂ ਨਹਿਰਾਂ ਵਿੱਚ ਪਹਿਲਾ ਹੀ 22500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਭਾਖੜਾ ਡੈਮ ਪਾਣੀ ਦਾ ਪੱਧਰ ਕਾਫੀ ਵਧ ਚੁੱਕਾ ਹੈ ਤੇ ਖ਼ਤਰੇ ਦੇ ਨਿਸ਼ਾਨ ਤੋਂ 8 ਫੁੱਟ ਥੱਲੇ ਰਹਿ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜੇਕਰ ਮੀਂਹ ਪਿਆ ਤਾਂ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਸਾਰੇ ਫਲੱਡ ਗੇਟ ਖੋਲ੍ਹਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਬੇਸ਼ੱਕ ਭਾਖੜਾ ਮੈਨੇਜਮੈਂਟ ਵੱਲੋਂ ਹੁਣ ਤੱਕ ਸਹੀ ਰਣਨੀਤੀ ਤਹਿਤ ਆਪਣੇ ਸਮੀਖਿਆ ਅਨੁਸਾਰ ਪਾਣੀ ਛੱਡਿਆ ਗਿਆ ਹੈ ਪਰ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਕੁਝ ਪਰੇਸ਼ਾਨੀ ਜ਼ਰੂਰ ਵੱਧ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ 10 ਦਿਨਾਂ ਦੀ ਉਡੀਕ ਕਰਨ ਦੀ ਬਜਾਏ ਭਾਖੜਾ ਡੈਮ ਤੋਂ ਥੋੜ੍ਹਾ-ਥੋੜ੍ਹਾ ਪਾਣੀ ਛੱਡ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਾਬਿਲੇਗੌਰ ਹੈ ਕਿ ਬੀਬੀਐਮਬੀ ਪ੍ਰਸ਼ਾਸਨ ਵੱਲੋਂ 73 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਨੂੰ ਵੇਖਦੇ ਹੋਏ ਚੰਡੀਗੜ੍ਹ ਵਿੱਚ ਭਲਕੇ ਮੀਟਿੰਗ ਰੱਖੀ ਗਈ ਹੈ। ਉਥੇ ਹੀ ਅੱਜ ਸਵੇਰੇ ਪਾਣੀ ਦਾ ਪੱਧਰ 1671.27 ਮਾਪਿਆ ਗਿਆ ਹੈ ਤੇ ਖ਼ਤਰੇ ਦੇ ਨਿਸ਼ਾਨ ਤੋਂ ਕੁਝ ਥੱਲੇ ਰਹਿ ਗਿਆ ਸੀ।
ਇਹ ਵੀ ਪੜ੍ਹੋ: Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ