ਲੁਧਿਆਣਾ:  ਪੰਜਾਬ ਵਿਚ ਕਤਲ, ਅਪਰਾਧ ਬਹੁਤ ਜਿਆਦਾ ਵੱਧ ਗਿਆ ਹੈ। ਰੋਜਾਨਾ ਅਜਿਹੀਆਂ ਖ਼ਬਰਾਂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ ਹੈ। ਅੱਜ ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ।  ਦੱਸ ਦੇਈਏ ਕਿ ਲੁਧਿਆਣਾ ਦੇ ਵਿੱਚ ਥਾਣਾ ਸਰਾਭਾ ਨਗਰ ਅਧੀਨ ਪੈਂਦੇ ਇਲਾਕਾ ਗੁਰੁ ਅਮਰਦਾਸ ਨਗਰ 'ਚ ਇਕ ਪਿਤਾ ਵੱਲੋਂ ਆਪਣੀ ਹੀ ਬੇਟੀ ਨੂੰ ਬੀਤੇ ਇਕ ਸਾਲ ਤੋਂ ਅੰਨ੍ਹੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਮਾਸੂਮ ਸਿਰਫ਼ 11 ਸਾਲ ਦੀ ਸੀ ਅਤੇ ਉਸ ਦਾ ਪਿਉ ਹੀ ਉਸ ਦਾ ਬਲਾਤਕਾਰ ਕਰ ਰਿਹਾ ਸੀ। ਇਸ ਸਬੰਧੀ ਜਦੋਂ ਉਨ੍ਹਾਂ ਦੀ ਗੁਆਂਢਣ ਨੂੰ ਪਤਾ ਲੱਗਾ ਤਾਂ ਉਸ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਇਸ ਤੋਂ ਬਾਅਦ ਥਾਣਾ ਸਰਾਭਾ ਨਗਰ ਦੇ ਵਿਚ ਪਰਚਾ ਦਰਜ ਕੀਤਾ ਗਿਆ ਅਤੇ ਮੁਲਜ਼ਮ ਪਿਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।  ਇਸ ਦੀ ਪੁਸ਼ਟੀ ਥਾਣਾ ਸਰਾਭਾ ਨਗਰ ਦੇ ਇੰਚਾਰਜ ਅਮਰਿੰਦਰ ਸਿੰਘ ਸੰਧੂ ਨੇ ਕੀਤੀ ਹੈ। 


ਇਹ ਵੀ ਪੜ੍ਹੋ: ਸੈਰ ਤੋਂ ਵਾਪਸ ਆ ਰਹੀ ਸੀ ਬਜ਼ੁਰਗ ਔਰਤ, ਲੁਟੇਰਿਆਂ ਨੇ ਮਹਿਲਾ ਦੀਆਂ ਖੋਹ ਲਈਆਂ ਵਾਲੀਆਂ


ਉਨ੍ਹਾਂ ਦੱਸਿਆ ਕਿ ਉਹਨਾਂ ਕੋਲ ਬੀਤੇ ਦਿਨੀਂ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਹੈ। ਪੀੜਤਾਂ ਦੇ ਪਿਉ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਸ਼ਨਾਖਤ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਬੱਚੀ 11 ਸਾਲ ਦੀ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਾਨੂੰ ਉਸ ਦੀ ਗੁਆਂਢਣ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ।  ਉਨ੍ਹਾਂ ਦੱਸਿਆ ਕਿ ਅਸੀਂ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ, ਉਸ ਦਾ ਪਿਤਾ ਬੀਤੇ ਇਕ ਸਾਲ ਤੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਹਾਲਾਂਕਿ ਇਸ ਵਿੱਚ ਉਸ ਦੀ ਮਾਂ ਦਾ ਕੀ ਰੋਲ ਸੀ ਇਸ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ। 


ਦੱਸ ਦੇਈਏ ਕਿ ਡਰੀ ਹੋਈ ਲੜਕੀ ਨੇ ਆਪਣਾ ਦਰਦ ਆਪਣੇ ਗੁਆਂਢੀ ਅਤੇ ਸਮਾਜ ਸੇਵੀ ਨੂੰ ਸੁਣਾਇਆ। ਲੜਕੀ ਨੇ ਉਸ ਨੂੰ ਪੱਤਰ ਲਿਖ ਕੇ ਦੱਸਿਆ ਕਿ ਉਸ ਦਾ ਪਿਤਾ ਉਸ ਦੇ ਮੂੰਹ ਵਿਚ ਰੁਮਾਲ ਪਾ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਇਸ ਘਟਨਾ ਵਿੱਚ ਬੱਚੇ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਬੋਲ ਵੀ ਨਹੀਂ ਸਕਦੀ। ਲੜਕੀ ਦੇ ਭਰਾ ਅਤੇ ਗੁਆਂਢੀ ਨੇ ਸਮਾਜ ਸੇਵਕ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।