Sri Anandpur Sahib Flood News: ਸਤਲੁਜ ਨੇ ਬੇਲਿਆਂ ਦੇ ਪਿੰਡਾਂ ਵਿੱਚ ਕੀਤਾ ਭਾਰੀ ਨੁਕਸਾਨ, ਸੜਕਾਂ `ਤੇ ਪਾੜ, ਬਾਕੀ ਪਿੰਡਾਂ ਨਾਲੋਂ ਟੁੱਟਿਆ ਸੰਪਰਕ
Sri Anandpur Sahib News: ਜੇਕਰ ਗੱਲ ਪਿੰਡ ਸ਼ਿਵ ਸਿੰਘ ਬੇਲਾ ਅਤੇ ਹਰਸਾ ਬੇਲਾ ਦੀ ਕੀਤੀ ਜਾਵੇ ਤਾਂ ਦੱਸ ਦਈਏ ਕਿ ਇਥੋਂ ਦੇ ਲੋਕਾਂ ਦੇ ਲਈ ਬੀਤੇ ਦਿਨੀਂ ਆਏ ਹੜ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ।
Sri Anandpur Sahib Flood News: ਭਾਵੇਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਪਾਣੀ ਦਾ ਲੈਵਲ ਹੁਣ ਘੱਟ ਚੁੱਕਿਆ ਹੈ ਤੇ ਬਹੁਤੇ ਪਿੰਡਾਂ ਵਿੱਚੋਂ ਇਹ ਪਾਣੀ ਵੀ ਉਤਰਨਾ ਸ਼ੁਰੂ ਹੋ ਚੁੱਕਾ ਹੈ ਪਰ ਬੀਤੇ ਦਿਨੀਂ ਸਤਲੁਜ ਦਰਿਆ ਚ ਆਏ ਹੜ੍ਹ ਨੇ ਖਾਸ ਤੌਰ 'ਤੇ ਨੰਗਲ , ਸ਼੍ਰੀ ਅਨੰਦਪੁਰ ਸਾਹਿਬ ਦੇ ਬੇਲਿਆਂ ਦੇ ਪਿੰਡਾਂ ਦੇ ਵਿੱਚ ਭਾਰੀ ਨੁਕਸਾਨ ਕੀਤਾ ਹੈ। ਇਸ ਭਾਰੀ ਮਾਤਰਾ ਵਿੱਚ ਆਏ ਪਾਣੀ ਕਾਰਨ ਜਿੱਥੇ ਕਈ ਏਕੜ ਫਸਲਾਂ ਬਰਬਾਦ ਹੋਈਆਂ, ਓਥੇ ਘਰਾਂ ਤੇ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ 100-100 ਫੁੱਟ ਪਾੜ ਪੈ ਗਿਆ। ਇਸ ਤਬਾਹੀ ਦੀਆਂ ਤਸਵੀਰਾਂ ਜ਼ੀ ਮੀਡੀਆ ਦੇ ਕੈਮਰੇ ਵਿੱਚ ਕੈਦ ਹੋਈਆਂ ਅਤੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਨਾਮੁਮਕਿਨ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਕਿਸੀ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ ਹੈ।
ਜੇਕਰ ਗੱਲ ਪਿੰਡ ਸ਼ਿਵ ਸਿੰਘ ਬੇਲਾ ਅਤੇ ਹਰਸਾ ਬੇਲਾ ਦੀ ਕੀਤੀ ਜਾਵੇ ਤਾਂ ਦੱਸ ਦਈਏ ਕਿ ਇਥੋਂ ਦੇ ਲੋਕਾਂ ਦੇ ਲਈ ਬੀਤੇ ਦਿਨੀਂ ਆਏ ਹੜ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਹਾਲਾਂਕਿ ਨੁਕਸਾਨ ਸਤਲੁਜ ਦੇ ਕਿਨਾਰੇ ਦਰਜਨਾਂ ਪਿੰਡਾਂ ਵਿੱਚ ਹੋਇਆ ਹੈ ਪਰ ਇਹਨਾਂ ਦੋਵਾਂ ਪਿੰਡਾਂ ਦੇ ਹਾਲਾਤ ਤਰਸਯੋਗ ਹਨ। ਪਾਣੀ ਦਾ ਪੱਧਰ ਬੇਸ਼ੱਕ ਘੱਟ ਗਿਆ ਹੈ ਮਗਰ ਹੜ੍ਹਾਂ ਦੇ ਨਾਲ ਇਹ ਪਿੰਡ ਸੜਕੀ ਮਾਰਗ ਰਾਹੀਂ ਬਾਕੀ ਪਿੰਡਾਂ ਨਾਲੋਂ ਪੂਰੀ ਤਰਾਂ ਕੱਟੇ ਜਾ ਚੁਕੇ ਹਨ।
ਸੜਕ ਦੇ ਰਸਤੇ ਇਹਨਾਂ ਪਿੰਡਾਂ ਵਿੱਚ ਆਉਣਾ ਤੇ ਜਾਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੋ ਗਿਆ ਹੈ। ਦੋਵੇਂ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਦਿਨ ਵੇਲੇ ਤਾਂ ਉਹ ਟਰੈਕਟਰ ਦੇ ਮਾਧਿਅਮ ਰਾਹੀਂ ਖੇਤਾਂ ਵਿੱਚੋਂ ਘੁੰਮ ਕੇ ਦਰਿਆ ਪਾਰ ਕਰਕੇ ਪਿੰਡ ਤੋਂ ਬਾਹਰ ਅਤੇ ਪਿੰਡ ਦੇ ਅੰਦਰ ਆ ਜਾਂਦੇ ਹਨ ਮਗਰ ਰਾਤ ਵੇਲੇ ਉਹ ਕਿਤੇ ਆ ਜਾ ਨਹੀਂ ਸਕਦੇ। ਅਜਿਹੇ 'ਚ ਬਿਮਾਰ ਬੰਦੇ, ਔਰਤਾਂ ਤੇ ਬੱਚਿਆਂ ਲਈ ਕਾਫੀ ਪ੍ਰੇਸ਼ਾਨੀ ਹੈ, ਬੱਚੇ ਸਕੂਲ ਨਹੀਂ ਜਾ ਪਾ ਰਹੇ। ਇਹਨਾਂ ਲੋਕਾਂ ਨੇ ਕਿਹਾ ਕਿ ਦਰਿਆ ਵਿੱਚ ਅਜੇ ਵੀ ਚਾਰ ਤੋਂ ਪੰਜ ਫੁੱਟ ਪਾਣੀ ਹੈ ਤੇ ਇਹਨਾਂ ਦੀਆਂ ਸਮੱਸਿਆਵਾਂ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਅਜੇ ਤੱਕ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੇ ਲਈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਨਾਂ ਤੱਕ ਪਹੁੰਚ ਕੀਤੀ ਹੈ।
ਲੋਕਾਂ ਨੇ ਦੱਸਿਆ ਕਿ ਪਹਿਲਾ ਹੜ੍ਹਾਂ ਦੇ ਸਮੇਂ ਇੱਕ ਕਿਸ਼ਤੀ ਦੀ ਵਿਵਸਥਾ ਕੀਤੀ ਗਈ ਸੀ ਪ੍ਰੰਤੂ ਹੁਣ ਉਹ ਕਿਸ਼ਤੀ ਵੀ ਵਾਪਿਸ ਲੈ ਲਈ ਗਈ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕੇ ਜਿੱਥੇ ਸਾਰੀਆਂ ਲਿੰਕ ਸੜਕਾਂ ਨੇ ਸਰਕਾਰ ਪਹਿਲ ਦੇ ਅਧਾਰ ਤੇ ਕੰਮ ਕਰਕੇ ਇਹਨਾਂ ਨੂੰ ਠੀਕ ਕਰੇ ਤਾਂ ਕਿ ਇਹਨਾਂ ਦੀ ਜਿੰਦਗੀ ਮੁੜ ਤੋਂ ਪਟੜੀ ਤੇ ਆਵੇ ।
ਇਸ ਮੌਕੇ ਪਿੰਡ ਵਾਲਿਆਂ ਨੇ ਗੱਲ ਕਰਦਿਆਂ ਦੱਸਿਆ ਕਿ ਸੰਨ 1988 'ਚ ਜਦੋਂ ਪੰਜਾਬ ਵਿੱਚ ਹੜ੍ਹ ਆਏ ਸਨ ਉਸ ਸਮੇਂ ਵੀ ਇਹਨਾਂ ਪਿੰਡਾਂ ਦੇ ਹਾਲਾਤ ਇੰਨੇ ਮਾੜੇ ਨਹੀਂ ਸਨ ਜਿੰਨੇ ਇਸ ਵਾਰ ਆਏ ਹੜ੍ਹ ਨਾਲ ਹੋਏ ਹਨ। ਦੂਜੇ ਪਾਸੇ ਪਿੰਡ ਦੇ ਲੋਕਾਂ ਨੇ ਸਰਕਾਰਾਂ ਦੇ ਨਾਲ ਰੋਸ ਜਾਹਿਰ ਕਰਦਿਆਂ ਕਿਹਾ ਕਿ ਬੀਬੀਐਮਬੀ ਦੇ ਵਿੱਚ ਸੂਬੇ ਦੀ ਨੁਮਾਇੰਦਗੀ ਨਾ ਹੋਣ ਦੇ ਚਲਦਿਆਂ ਬੀ.ਬੀ.ਐਮ ਬੀ ਵੱਲੋਂ ਆਮ ਲੋਕਾਂ ਦੀ ਸਾਰ ਨਹੀਂ ਲਈ ਗਈ ਤੇ ਬਿਨਾਂ ਕਿਸੇ ਜਾਣਕਾਰੀ ਤੇ ਪੂਰਵ ਸੂਚਨਾ ਦੇ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਜਿਸ ਨਾਲ ਵੱਡੇ ਪੱਧਰ ਤੇ ਉਨ੍ਹਾਂ ਦਾ ਨੁਕਸਾਨ ਹੋਇਆ।
ਜ਼ਿਕਰਯੋਗ ਹੈ ਕਿ ਜਿਥੇ ਬੇਲਾ ਰਾਮਗੜ੍ਹ, ਬੇਲਾ ਸ਼ਿਵ ਸਿੰਘ, ਹਰਸਾ ਬੇਲਾ, ਪਿੰਡਾਂ ਚ ਫਸਲਾਂ ਵੱਡੇ ਪੱਧਰ ਤੇ ਨੁਕਸਾਨੀਆਂ ਗਈਆਂ ਉੱਥੇ ਹੀ ਸੜਕੀ ਮਾਰਗ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਸੜਕਾਂ ਰਾਹੀਂ ਆਉਣਾ ਜਾਣਾ ਮੁਸ਼ਕਿਲ ਹੋਇਆ ਹੈ, ਹੁਣ ਪਿੰਡ ਵਾਸੀਆਂ ਨੇ ਇਹ ਮੰਗ ਕੀਤੀ ਹੈ ਕਿ ਸੜਕਾਂ ਵਿੱਚ ਸਤਲੁਜ ਦੇ ਪਾਣੀ ਨਾਲ ਜਿੱਥੇ-ਜਿੱਥੇ ਪਾੜ ਪਿਆ ਹੈ ਉਥੇ ਪੁਲੀਆਂ ਬਣਾਈਆਂ ਜਾਣ ਤਾਂ ਜੋ ਜੇਕਰ ਭਵਿੱਖ ਦੇ ਵਿੱਚ ਦੁਬਾਰਾ ਪਾਣੀ ਆਉਂਦਾ ਹੈ ਤਾਂ ਉਹ ਪਾਣੀ ਅੱਗੇ ਲੰਘ ਜਾਵੇ ਤੇ ਦੁਬਾਰਾ ਇਸ ਤਰਾਂ ਦਾ ਨੁਕਸਾਨ ਨਾ ਹੋਵੇ।
- ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Congress New CWC : ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦਾ ਗਠਨ; ਸਿੱਧੂ ਨੂੰ ਨਹੀਂ ਮਿਲੀ ਜਗ੍ਹਾ, ਚੰਨੀ ਨੂੰ ਕੀਤਾ ਸ਼ਾਮਲ
(For more news apart from Sri Anandpur Sahib Flood News, stay tuned to Zee PHH)