Sri Hemkunt Sahib Yatra: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 22 ਮਈ ਤੋਂ ਆਰੰਭ ਹੋ ਰਹੀ ਹੈ। ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਜਮ੍ਹਾਂ ਹੋਈ ਬਰਫ਼ ਨੂੰ ਹਟਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਹੇਮਕੁੰਟ ਸਾਹਿਬ ਦੇ ਦੁਆਰ 25 ਮਈ 2024 ਨੂੰ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। 


COMMERCIAL BREAK
SCROLL TO CONTINUE READING

ਉੱਤਰਾਖੰਡ ਸਰਕਾਰ ਵੱਲੋਂ ਤੈਅ ਕੀਤਾ ਗਿਆ ਹੈ ਕਿ ਫਿਲਹਾਲ ਰੋਜ਼ਾਨਾ 3500 ਸ਼ਰਧਾਲੂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਸਰਕਾਰ ਵੱਲੋਂ ਇਹ ਫੈਸਲਾ ਮੌਜੂਦਾ ਹਾਲਾਤ ਨੂੰ ਵੇਖਦਿਆਂ ਲਿਆ ਗਿਆ ਹੈ। ਇਸ ਵਾਰ ਅਜੇ ਵੀ ਕਾਫੀ ਬਰਫ ਜੰਮੀ ਹੋਈ ਹੈ। ਅਗਲੇ ਦਿਨਾਂ ਅੰਦਰ ਬਰਫ ਪਿਘਲਣ ਮਗਰੋਂ ਸ਼ਰਧਾਲੂਆਂ ਦੀ ਗਿਣਤੀ ਵਧਾਈ ਜਾ ਸਕਦੀ ਹੈ।


ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 22 ਮਈ ਤੋਂ ਸ਼ੁਰੂ ਹੋਵੇਗੀ। ਪੰਜ ਪਿਆਰਿਆਂ ਦੀ ਅਗਵਾਈ ਹੇਠ ਉਤਰਾਖੰਡ ਦੇ ਰਾਜਪਾਲ ਵੱਲੋਂ ਯਾਤਰਾ ਦਾ ਆਗਾਜ ਕੀਤਾ ਜਾਵੇਗਾ। ਜਦਕਿ ਸੰਗਤ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਦੁਆਰ 25 ਮਈ ਨੂੰ ਖੋਲ੍ਹੇ ਜਾਣਗੇ।


ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਅਧਿਕਾਰੀ ਹਿਮਾਂਸ਼ੂ ਖੁਰਾਣਾ ਦੀ ਅਗਵਾਈ ਹੇਠ ਪ੍ਰਸ਼ਾਸਨ ਦੇ ਹਰ ਵਿਭਾਗ ਦੇ ਅਧਿਕਾਰੀਆਂ ਅਤੇ ਗੁਰਦੁਆਰਾ ਟਰੱਸਟ ਦੇ ਪ੍ਰਬੰਧਕਾਂ ਨੇ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਪੈਦਲ ਯਾਤਰਾ ਦਾ ਨਿਰੀਖਣ ਕੀਤਾ।


ਉਨ੍ਹਾਂ ਦੱਸਿਆ ਕਿ ਮੌਜੂਦਾ ਜ਼ਮੀਨੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਤਰਾਖੰਡ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਬੰਧਕਾਂ ਵੱਲੋਂ ਪ੍ਰਤੀ ਦਿਨ 3500 ਸ਼ਰਧਾਲੂਆਂ ਦੀ ਗਿਣਤੀ ਤੈਅ ਕੀਤੀ ਗਈ ਹੈ ਜੋ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਵਾਸਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ ਉੱਥੇ ਕਾਫੀ ਬਰਫ਼ ਹੈ ਤੇ ਬਰਫ਼ ਪਿਘਲਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਬਾਰੇ ਮੁੜ ਵਿਚਾਰ ਕੀਤਾ ਜਾਵੇਗਾ। ਇਸੇ ਦੇ ਮੱਦੇਨਜ਼ਰ ਬਜ਼ੁਰਗ ਤੇ ਬੱਚਿਆਂ ਨੂੰ ਵੀ ਫਿਲਹਾਲ 15 ਦਿਨ ਯਾਤਰਾ ਨਾ ਕਰਨ ਦਾ ਸੁਝਾਅ ਦਿੱਤਾ ਗਿਆ।


ਬਿੰਦਰਾ ਨੇ ਦੱਸਿਆ ਕਿ ਸਾਲਾਨਾ ਯਾਤਰਾ ਦੀ ਸ਼ੁਰੂਆਤ 22 ਮਈ ਨੂੰ ਹੋਵੇਗੀ। ਇਸ ਸਬੰਧੀ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਵੇਗਾ, ਜਿਸ ਨੂੰ ਸੂਬੇ ਦੇ ਰਾਜਪਾਲ ਅਤੇ ਸੰਤ ਸਮਾਜ ਵੱਲੋਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਸੰਗਤ ਵਾਸਤੇ ਖੋਲ੍ਹ ਦਿੱਤੇ ਜਾਣਗੇ। 


25 ਮਈ ਨੂੰ ਸਿੱਖ ਮਰਿਆਦਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਪਹਿਲੀ ਅਰਦਾਸ ਹੋਵੇਗੀ। ਯਾਤਰਾ ਵਾਸਤੇ ਆਉਣ ਵਾਲੇ ਹਰੇਕ ਯਾਤਰੀ ਨੂੰ ਸਰਕਾਰ ਦੇ ਕੋਲ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ। ਇਹ ਵਿਵਸਥਾ ਸ਼ਰਧਾਲੂਆਂ ਦੀ ਸੁਵਿਧਾ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ। ਇਸ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ https://registrationandtouristcare.uk.gov.in/signin.php ਲਿੰਕ 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਬੇਨਤੀ ਕੀਤੀ ਗਈ ਹੈ।