CM ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ: ਅਮਨ ਅਰੋੜਾ
Aman Arora news: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਵਿਦਿਆਰਥਣਾਂ ਦਾ ਹੌਂਸਲਾ ਵਧਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੇਟੀਆਂ ਆਪਣੀ ਮਿਹਨਤ ਨਾਲ ਮਿਸਾਲਾਂ ਕਾਇਮ ਕਰਨ ਦੇ ਸਮਰੱਥ ਹੈ। ਪਿਛਲੇ ਅੱਠ ਮਹੀਨਿਆਂ ਅੰਦਰ ਹਲਕਾ ਸੁਨਾਮ ਦੇ 30 ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1.82 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀ ਹੈ।
ਸੁਨਾਮ: ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ (Bhagwant Mann) ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਸਰਵਪੱਖੀ ਸੁਧਾਰ ਕਰਨ ਲਈ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਅਮਨ ਅਰੋੜਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੁਨਾਮ ਵਿਖੇ ਵਿਦਿਆਰਥਣਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕੀਤਾ। ਅਮਨ ਅਰੋੜਾ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਸੂਬੇ ਵਿਚ 16ਮੈਡੀਕਲ ਕਾਲਜ ਬਣਾਏ ਜਾਣ ਦੀ ਪਰਪੋਸਲ ਉਪਰ ਕੰਮ ਕਰਨਾ ਸ਼ੁਰੂ ਕੀਤਾ ਹੈ ਦੂਜੇ ਦੇਸ਼ਾਂ ਵਿਚ ਜਾ ਕੇ ਪੰਜਾਬ ਦੇ ਨੌਜਵਾਨ ਪੈਸੇ ਦੇ ਨੁਕਸਾਨ ਦੇ ਨਾਲ ਨਾਲ ਜਿੰਦਗੀ ਦਾਅ ਤੇ ਲਾ ਰਹੇ ਹਨ। ਮਸਤੂਆਣਾ ਸਾਹਿਬ ਵਿੱਚ ਮੈਡੀਕਲ ਕਾਲਜ ਨੂੰ ਰੋਕਣ ਲਈ ਚਲ ਰਹੀ ਰਾਜਨੀਤੀ ਦੀ ਨਿੰਦਾ ਕਰਦਿਆਂ ਇਸਨੂੰ ਹਰ ਹਾਲਾਤ ਵਿੱਚ ਬਣਾਉਣ ਦੀ ਗੱਲ ਕਹੀ।
ਸਕੂਲ ਦੇ ਕਾਇਆ ਕਲਪ ਲਈ ਬਹੁ ਗਿਣਤੀ ਵਿਚ ਗੁਣਵੱਤਾ ਆਧਾਰਿਤ ਕਾਰਜ ਕਰਵਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਅੱਠ ਮਹੀਨਿਆਂ ਅੰਦਰ ਹਲਕਾ ਸੁਨਾਮ ਦੇ 30 ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 1.82 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿਚ ਸਿੱਖਿਆ ਅਤੇ ਸਿਹਤ ਸਹੂਲਤਾਂ ਵਿਸ਼ਵ ਪੱਧਰ ਦੀਆਂ ਹੋਣ।
ਅਮਨ ਅਰੋੜਾ ਨੇ ਕਿਹਾ ਕਿ ਬੇਟੀਆਂ ਦੇ ਮੋਢੇ 'ਤੇ ਵੱਡੀ ਜਿੰਮੇਵਾਰੀ ਹੈ ਅਤੇ ਬੇਟੀਆਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਾਡੀ ਸਰਕਾਰ ਦੀ ਮੁੱਖ ਜਿੰਮੇਵਾਰੀ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਲੜਕੀਆਂ ਹਰ ਕੰਮ ਵਿੱਚ ਮੱਲਾਂ ਮਾਰ ਰਹੀਆਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਬੇਹਿਸਾਬ ਮੌਕੇ ਆਉਂਦੇ ਹਨ ਜਦੋਂ ਬੱਚੇ ਆਪਣੀ ਕਾਬਲੀਅਤ ਦੇ ਬਲਬੂਤੇ ਖੁਦ ਨੂੰ ਤਰਾਸ਼ ਲੈਣ ਤਾਂ ਉਨ੍ਹਾਂ ਦੀ ਚਮਕ ਦੁਨੀਆ ਭਰ ਵਿੱਚ ਫੈਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੀ ਸਿੱਖਿਆ ਤੇ ਸਿਹਤ ਸੰਭਾਲ ਦੀ ਜਿੰਮੇਵਾਰੀ ਤੋਂ ਪਿੱਛੇ ਹਟਦੀਆਂ ਰਹੀਆਂ ਜਿਸ ਕਰਕੇ ਪ੍ਰਾਈਵੇਟ ਸਕੂਲ ਤੇ ਹਸਪਤਾਲ ਵਧੇ ਫੁੱਲੇ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹੁਣ ਹਰ ਖੇਤਰ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਅਮਨ ਅਰੋੜਾ ਨੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਿਖੇ ਨਵੇਂ ਬਣਨ ਵਾਲੇ ਕਮਰੇ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕੇ ਹੀ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਲਿਆਂਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਦੇਸ਼ ਭਰ ਵਿੱਚੋਂ ਇੱਕ ਨੰਬਰ ’ਤੇ ਲੈ ਕੇ ਆਉਣਾ ਹੈ।
ਇਹ ਵੀ ਪੜ੍ਹੋ: ਸੰਮਨ ਜਾਰੀ ਹੋਣ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਾਬਕਾ CM ਚਰਨਜੀਤ ਚੰਨੀ
ਇਸ ਮੌਕੇ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਨਾਮ ਹਲਕੇ ਦੇ 8 ਪ੍ਰਾਇਮਰੀ ਸਕੂਲਾਂ ਵਿੱਚ ਨਵੇਂ ਕਮਰੇ ਬਣਾਉਣ ਲਈ 60 ਲੱਖ 8 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ, ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਮੰਡੇਰ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਸਾਹੋ ਕੇ, ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰੋ, ਸਰਕਾਰੀ ਪ੍ਰਾਇਮਰੀ ਸਕੂਲ ਬੁੱਗਰਾਂ, ਸਰਕਾਰੀ ਪ੍ਰਾਇਮਰੀ ਸਕੂਲ ਸੁਨਾਮ (ਲੜਕੀਆਂ), ਸਰਕਾਰੀ ਪ੍ਰਾਇਮਰੀ ਸਕੂਲ ਨਾਗਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ, ਸੰਘਰੇੜੀ ਵਿੱਚ ਕਮਰਿਆਂ ਦੇ ਨਿਰਮਾਣ ਲਈ ਹਰੇਕ ਸਕੂਲ ਨੂੰ 7 ਲੱਖ 51 ਹਜ਼ਾਰ ਰੁਪਏ ਅੱਜ ਜਾਰੀ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਇਸ ਤੋਂ ਇਲਾਵਾ 5 ਲੱਖ 35 ਹਜ਼ਾਰ ਰੁਪਏ ਸਰਕਾਰੀ ਸਕੂਲ ਖੇੜੀ ਤੇ 5 ਲੱਖ 35 ਹਜ਼ਾਰ ਰੁਪਏ ਹੀ ਸਰਕਾਰੀ ਸਕੂਲ ਦਿਆਲਗੜ ਦੇ ਨਵੀਨੀਕਰਨ ਲਈ ਜਾਰੀ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਸ਼ਾਹੋਕੇ ਵਿਖੇ ਲਾਇਬ੍ਰੇਰੀ ਦੇ ਨਿਰਮਾਣ ਲਈ 9 ਲੱਖ 65 ਹਜ਼ਾਰ ਰੁਪਏ ਵੀ ਜਾਰੀ ਕੀਤੇ ਗਏ ਹਨ।