Sunam News: ਅਮਨ ਅਰੋੜਾ ਨੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ
Sunam News: ਹਲਕਾ ਸੁਨਾਮ ਉਧਮ ਸਿੰਘ ਵਾਲਾ ਨਾਲ ਸੰਬੰਧਿਤ 14 ਪੀੜਤ ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਜਾ ਚੁੱਕੇ ਹਨ।
Sunam News: ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਭਗਵੰਤਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਅਧੀਨ ਆਉਂਦੇ ਪਰਿਵਾਰਾਂ ਦੇ 6 ਮੈਂਬਰਾਂ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਸਰਬ ਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਵੱਡੇ ਉਪਰਾਲੇ ਕਰ ਰਹੀ ਹੈ ਉੱਥੇ ਹੀ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੇ ਲੋੜਵੰਦ ਪਰਿਵਾਰਾਂ ਦੀ ਵਿੱਤੀ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਵੀ ਮ੍ਰਿਤਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਾਰਸਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਸਦੀਵੀ ਵਿਛੋੜਾ ਦੇਣ ਵਾਲਿਆਂ ਦੀ ਕਮੀ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀੜਤ ਪਰਿਵਾਰਾਂ ਦੀ ਪੀੜ ਨੂੰ ਦਿਲੋਂ ਮਹਿਸੂਸ ਕਰਦੇ ਹੋਏ ਮਦਦ ਲਈ ਹੱਥ ਅੱਗੇ ਵਧਾਇਆ ਹੈ । ਇਸ ਮੌਕੇ ਕੈਬਨਿਟ ਮੰਤਰੀ ਨੇ 6 ਪੀੜਤ ਪਰਿਵਾਰਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਸਰਕਾਰ ਦੀ ਤਰਫੋਂ ਦਰਜਾ 4 ਆਸਾਮੀ ਦੇ ਨਿਯੁਕਤੀ ਪੱਤਰ ਸੌਂਪੇ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਨਿਭਾਉਣ ਦਾ ਸੱਦਾ ਦਿੱਤਾ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦਿਨ ਦਿਨਾਂ ਦੌਰਾਨ ਹਲਕਾ ਸੁਨਾਮ ਉਧਮ ਸਿੰਘ ਵਾਲਾ ਨਾਲ ਸੰਬੰਧਿਤ 14 ਪੀੜਤ ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਸਮਿਤ ਢਿੱਲੋਂ ਤਹਿਸੀਲਦਾਰ,ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਚੇਅਰਮੈਨ ਮਾਰਕੀਟ ਕਮੇਟੀ ਚੀਮਾ ਗੀਤੀ ਮਾਨ, ਬਲਾਕ ਪ੍ਰਧਾਨ ਸਾਹਿਬ ਸਿੰਘ, ਬਲਾਕ ਪ੍ਰਧਾਨ ਗੁਰਚਰਨ ਸਿੰਘ, ਰਾਜ ਸਿੰਘ, ਗੁਰਦੀਪ ਸਿੰਘ ਦੀਪਾ ਵੀ ਹਾਜ਼ਰ ਸਨ।