Teachers Day 2023 in Punjab: ਮੁੱਖ ਮੰਤਰੀ ਭਗਵੰਤ ਮਾਨ ਨੇ 80 ਅਧਿਆਪਕਾਂ ਨੂੰ ਕੀਤਾ ਸਨਮਾਨਿਤ
Punjab State Awardee teachers to be honoured: ਦੱਸ ਦਈਏ ਕਿ ਅਧਿਆਪਕ ਰਾਜ ਪੁਰਸਕਾਰ 54 ਅਧਿਆਪਕਾਂ ਨੂੰ ਦਿੱਤੇ ਗਏ ਜਦੋਂ ਕਿ ਯੰਗ ਟੀਚਰ ਐਵਾਰਡ 11 ਅਧਿਆਪਕਾਂ ਨੂੰ ਦਿੱਤੇ ਗਏ ਹਨ।
Teachers Day 2023, Punjab State Awardee teachers to be honoured: ਅਧਿਆਪਕ ਦਿਵਸ 'ਤੇ ਅੱਜ ਮੋਗਾ 'ਚ ਕਰਵਾਏ ਜਾ ਰਹੇ ਸੂਬਾ ਪੱਧਰੀ ਪ੍ਰੋਗਰਾਮ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਉਤੇ ਪਹੁੰਚੇ। ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੀਪ ਜਗਾਉਣ ਦੇ ਨਾਲ-ਨਾਲ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਫੁੱਲ ਭੇਟ ਕੀਤੇ।
ਇਸ ਤੋਂ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੇ ਮਾਣ-ਸਨਮਾਨ ਲਈ ਕੋਸ਼ਿਸ਼ ਜਾਰੀ ਹਨ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਰੱਖ-ਰਖਾਵ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਦੀ ਤਨਖ਼ਾਹ ਵਿੱਚ ਇਜ਼ਾਫਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਟੀਚਰ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਂਦੇ ਸਨ। ਅਧਿਆਪਕਾਂ ਉਪਰ ਲਾਠੀਚਾਰਜ, ਬੁਛਾੜਾਂ ਤੇ ਤਸ਼ੱਦਦ ਕੀਤੇ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਜਾਣਬੁੱਝ ਕੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ੍ਹ ਰੱਖਦੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਾਪਾਨ ਵਿੱਚ ਮੇਲੇ ਲਈ ਭਾਰਤ ਵਿੱਚੋਂ 60 ਵਿਦਿਆਰਥੀ ਜਾਣਗੇ ਜਿਨ੍ਹਾਂ ਵਿਚੋਂ 6 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਹੋਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 17 ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ ਤੇ 13 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਪਹਿਲਾਂ ਸਕੂਲ ਖੋਲ੍ਹਣ ਜਾ ਰਹੇ ਹਾਂ। ਉਨ੍ਹਾਂ ਨੇ ਕਿਹ ਕਿ 40 ਸਕੂਲ ਆਫ ਐਮੀਨੈਂਸ ਲਈ 68 ਕਰੋੜ ਰੁਪਏ ਜਾਰੀ ਕਰ ਦਿੱਤ ਗਏ ਹਨ। ਸਕੂਲਾਂ ਦੀ ਚਾਰ ਦੀਵਾਰੀ ਲਈ 318 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ।
ਇਸ ਤੋਂ ਪਹਲਿਾਂ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਸਰਵਣ ਦੀ ਰਸਮ ਅਦਾ ਕੀਤੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੋਗਰਾਮ ਵਿੱਚ ਹਾਜ਼ਰ ਸਮੂਹ ਅਧਿਆਪਕਾਂ ਅਤੇ ਹੋਰਨਾਂ ਨੂੰ ਕਿਹਾ ਕਿ ਦੁਨੀਆਂ ਵਿੱਚ ਜੇ ਕੋਈ ਸਭ ਤੋਂ ਪਵਿੱਤਰ ਪਾਤਰ ਹੈ ਤਾਂ ਉਹ ਅਧਿਆਪਕ ਦਾ ਹੈ। ਬੈਂਸ ਨੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਚਾਰਜ ਸੌਂਪਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਨੂੰ ਸਿਰਫ਼ ਧਰਨਿਆਂ ਅਤੇ ਲਾਠੀਚਾਰਜ ਲਈ ਮਹਿਕਮਾ ਸਮਝਿਆ ਜਾਂਦਾ ਸੀ, ਜੋ ਪੰਜਾਬ ਦੀ ਤਰਾਸਦੀ ਹੈ। ਜਿਸ ਵਿਭਾਗ ਦੇ ਹੱਥਾਂ ਵਿੱਚ ਹਰ ਬੱਚੇ ਦਾ ਭਵਿੱਖ ਹੈ, ਉਸ ਵਿਭਾਗ ਨੂੰ ਮਹਿਜ਼ ਰੋਸ ਪ੍ਰਗਟ ਕਰਨ ਵਾਲਾ ਵਿਭਾਗ ਸਮਝਿਆ ਜਾ ਰਿਹਾ ਸੀ।
ਇਸ ਦੌਰਾਨ ਅਧਿਆਪਕ ਦਿਵਸ 2023 ਦੇ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ 4 ਕੈਟਾਗਰੀਆਂ ਵਿੱਚ 80 ਅਧਿਆਪਕਾਂ ਦੇ ਨਾਮ ਸ਼ਾਮਿਲ ਹਨ। ਬੀਤੇ ਦਿਨੀਂ ਇਸ ਸੂਚੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਸੀ। ਸਕੂਲ ਸਿੱਖਿਆ ਮੰਤਰੀ ਵੱਲੋਂ ਮਨਜ਼ੂਰ ਕੀਤੀ ਗਈ ਇਸ ਸੂਚੀ ਦੇ ਮੁਤਾਬਕ ਅਧਿਆਪਕ ਰਾਜ ਪੁਰਸਕਾਰ 54 ਅਧਿਆਪਕਾਂ ਨੂੰ ਦਿੱਤਾ ਜਾਵੇਗਾ ਜਦੋਂ ਕਿ ਯੰਗ ਟੀਚਰ ਐਵਾਰਡ 11 ਅਧਿਆਪਕਾਂ ਨੂੰ ਦਿੱਤਾ ਜਾਵੇਗਾ।
ਇਸੇ ਤਰ੍ਹਾਂ 10 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਅਤੇ 5 ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਜਾਵੇਗਾ। ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕ ਦਿਵਸ 2023 ਮੌਕੇ ਸੂਬਾ ਸਰਕਾਰ ਵੱਲੋਂ ਸਨਮਾਨ ਲਈ ਚੁਣੇ ਗਏ ਸਾਰੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਉਮੀਦ ਵੀ ਜ਼ਾਹਿਰ ਕੀਤੀ ਕਿ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਦੂਜੇ ਟੀਚਰਾਂ ਲਈ ਚਾਨਣ ਮੁਨਾਰਾ ਬਨਣਗੇ।