Kiratpur Sahib News: ਦੀ ਕੀਰਤਪੁਰ ਸਾਹਿਬ ਟਰੱਕ ਆਪ੍ਰੇਟਰ ਕੋ-ਆਪ੍ਰੇਟਿਵ ਸੁਸਾਇਟੀ ਦੇ ਟਰੱਕ ਆਪ੍ਰੇਟਰਾਂ ਵੱਲੋਂ ਮਾਲ ਦੀ ਢੋਆ ਢੁਆਈ ਨੂੰ ਲੈ ਕੇ ਪਿਛਲੇ ਕਰੀਬ ਚਾਰ ਮਹੀਨੇ ਤੋਂ ਸੰਘਰਸ਼ ਕਰਦੇ ਹੋਏ ਪਿੰਡ ਮੋੜਾ ਵਿੱਚ ਪੱਕਾ ਧਰਨਾ ਲਗਾਇਆ ਹੋਇਆ ਹੈ। ਅੱਜ ਟਰੱਕ ਆਪ੍ਰੇਟਰਾਂ ਵੱਲੋਂ ਐਲਾਨ ਕੀਤਾ ਗਿਆ ਕਿ 15 ਨਵੰਬਰ ਤੋਂ ਉਹ ਹਿਮਾਚਲ ਪ੍ਰਦੇਸ਼ ਵਿੱਚ ਲੱਗੀਆਂ ਤਿੰਨ ਸੀਮਿੰਟ ਫੈਕਟਰੀਆਂ ਨੂੰ ਪੰਜਾਬ ਤੋਂ ਕੱਚਾ ਮਾਲ ਲੈ ਕੇ ਜਾਂਦੇ ਹਿਮਾਚਲ ਪ੍ਰਦੇਸ਼ ਦੇ ਟਰੱਕਾਂ ਦਾ ਘਿਰਾਓ ਕਰਨਗੇ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਫੈਕਟਰੀਆਂ ਨੂੰ ਪੰਜਾਬ ਵਿਚੋਂ ਕੱਚਾ ਮਟੀਰੀਅਲ ਭਰ ਕੇ ਜਾਂਦੇ ਟਰੱਕਾਂ ਨੂੰ ਆਉਣ ਵਾਲੀ 15 ਨਵੰਬਰ ਨੂੰ ਰੋਕਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਲੱਗੀਆਂ ਤਿੰਨ ਫੈਕਟਰੀਆਂ ਨੂੰ ਪੰਜਾਬ ਤੋਂ ਕੱਚਾ ਮਾਲ ਲੈ ਕੇ ਜਾਂਦੇ ਹਿਮਾਚਲ ਪ੍ਰਦੇਸ਼ ਦੇ ਟਰੱਕ ਉਨ੍ਹਾਂ ਦਾ ਹੱਕ ਮਾਰ ਰਹੇ ਹਨ ਕਿਉਂਕਿ ਇਹ ਹਿਮਾਚਲ ਪ੍ਰਦੇਸ਼ ਦੇ ਟਰੱਕ ਉਨ੍ਹਾਂ ਦੀ ਸੁਸਾਇਟੀ ਦੇ ਏਰੀਏ ਵਿੱਚ ਖੁੱਲ੍ਹੇ ਡੰਪਾਂ ਤੇ ਹੋਰ ਪਾਸੇ ਤੋਂ ਮਾਲ ਚੁੱਕਦੇ ਹਨ, ਜਦਕਿ ਉਨ੍ਹਾਂ ਦਾ ਇਲਾਕਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਹੈ।


ਬਲਬੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਉਕਤ ਹਿਮਾਚਲ ਪ੍ਰਦੇਸ਼ ਦੇ ਟਰੱਕਾਂ ਦੇ ਨਾਂ ਤਾਂ ਕਾਗਜ਼ਾਤ ਪੂਰੇ ਹੁੰਦੇ ਹਨ ਅਤੇ ਨਾ ਹੀ ਉਕਤ ਟਰੱਕਾਂ ਨੂੰ ਇਹ ਹੱਕ ਹੈ ਕਿ ਉਹ ਉਨ੍ਹਾਂ ਦੇ ਏਰੀਏ ਵਿੱਚੋਂ ਮਾਲ ਲੋਡ ਕਰਕੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੇ ਉਕਤ ਟਰੱਕਾਂ ਵਿੱਚ ਖੁੱਲ੍ਹੀ ਰਾਖ ਜਾਂਦੀ ਹੈ ਜਿਸ ਉਪਰ ਲਿਜਾਉਣ ਉਤੇ ਬਿਲਕੁਲ ਰੋਕ ਹੈ।


ਇਹ ਵੀ ਪੜ੍ਹੋ : Punjab News: ਗੁਰਦੁਆਰੇ ਤੇ ਮਸਜਿਦ ਸਬੰਧੀ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖ਼ਾਸਤ


ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਪਿਛਲੇ ਲੰਮੇ ਸਮੇਂ ਤੋਂ ਆਪਣਾ ਹੱਕ ਮੰਗਦੇ ਆ ਰਹੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਹੈ ਇੱਥੋਂ ਤੱਕ ਕਿ ਉਨ੍ਹਾਂ ਦੀ ਗੱਲ ਸੁਣਨੀ ਵੀ ਵਾਜਿਬ ਨਹੀਂ ਸਮਝੀ। ਇਸ ਲਈ ਹੁਣ ਉਨ੍ਹਾਂ ਨੂੰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਤੇ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ 15 ਨਵੰਬਰ ਨੂੰ ਵੱਧ ਚੜ੍ਹ ਕੇ ਉਨ੍ਹਾਂ ਦੇ ਇਸ ਸੰਘਰਸ਼ ਵਿੱਚ ਸਾਥ ਦੇਣ।


ਇਹ ਵੀ ਪੜ੍ਹੋ : India vs South Africa Live Updates, World Cup 2023: ਭਾਰਤ ਨੇ ਦੱਖਣੀ ਅਫਰੀਕਾ ਨੂੰ 327 ਦੌੜਾਂ ਦਾ ਟੀਚਾ ਦਿੱਤਾ; ਕੋਹਲੀ ਨੇ ਸਚਿਨ ਤੇਂਦੁਲਕਰ ਦੀ ਕੀਤੀ ਬਰਾਬਰੀ


ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ