Fazilka News: ਫਾਜ਼ਿਲਕਾ ਦੇ ਸਾਈਬਰ ਸੈੱਲ ਨੇ ਹੁਣ ਵਪਾਰ ਦੇ ਨਾਂਅ 'ਤੇ ਕਰੀਬ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਉੱਤਰ ਪ੍ਰਦੇਸ਼ ਦੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ 'ਤੇ ਫਾਜ਼ਿਲਕਾ ਲਿਆਂਦਾ ਗਿਆ ਸੀ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਧੋਖਾਧੜੀ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਪੁਲਿਸ ਦਾ ਦਾਅਵਾ ਹੈ ਕਿ ਨੈਸ਼ਨਲ ਪੱਧਰ 'ਤੇ ਧੋਖਾਧੜੀ ਦਾ ਵੱਡਾ ਨੈੱਟਵਰਕ ਚੱਲ ਰਿਹਾ ਸੀ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦਿਆਂ ਫਾਜ਼ਿਲਕਾ ਪੁਲਿਸ ਦੇ ਡੀ.ਐੱਸ.ਪੀ ਇਨਵੈਸਟੀਗੇਸ਼ਨ ਬਲਕਾਰ ਸਿੰਘ ਨੇ ਦੱਸਿਆ ਕਿ ਅਬੋਹਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਵਪਾਰ ਦੇ ਨਾਂ 'ਤੇ ਫਰਜ਼ੀ ਸਾਈਟ ਬਣਾ ਕੇ 60 ਲੱਖ ਰੁਪਏ ਤੋਂ ਵੱਧ ਦੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਜਿਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਗੁਜਰਾਤ ਤੋਂ ਯਸ਼ਪਾਲ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ।


ਜਿਸ ਤੋਂ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ 'ਚ ਅੰਕਿਤ ਰਾਵਲ ਨਾਂ ਦੇ ਦੋਸ਼ੀ ਨੂੰ ਗੁਜਰਾਤ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਕਰੀਬ 15.5 ਲੱਖ ਰੁਪਏ ਬਰਾਮਦ ਕਰਕੇ ਪੀੜਤ ਨੂੰ ਵਾਪਸ ਕਰ ਦਿੱਤੇ। ਖਾਤੇ 'ਚ ਪਈ 5 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨੂੰ ਫਰੀਜ਼ ਕਰ ਦਿੱਤਾ ਗਿਆ ਸੀ, ਉਥੇ ਹੀ ਪੁਲਿਸ ਨੇ ਇਸੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਤੋਂ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


ਪੁਲਿਸ ਅਧਿਕਾਰੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮ ਸਲੇਸ਼ ਕੁਮਾਰ ਪੁੱਤਰ ਛੀਦੀਲਾਲ ਅਤੇ ਰਾਕੇਸ਼ ਕੁਮਾਰ ਭਾਰਤੀ ਪੁੱਤਰ ਛਡੀਲਾਲ ਵਾਸੀ ਬਨਪੁਰੀ ਕਲੋਨੀ ਜ਼ਿਲ੍ਹਾ ਖੇੜੀ, ਉੱਤਰ ਪ੍ਰਦੇਸ਼ ਹਨ। ਜਿਸ ਨੂੰ ਉੱਤਰ ਪ੍ਰਦੇਸ਼ ਦੀ ਅਦਾਲਤ ਤੋਂ 4 ਦਿਨਾਂ ਦੇ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਗਿਆ ਸੀ। ਜਿਨ੍ਹਾਂ ਨੂੰ ਫਾਜ਼ਿਲਕਾ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਤੋਂ ਸਾਈਬਰ ਫਰਾਡ ਰਾਹੀਂ ਹਾਸਲ ਕੀਤੀ ਰਕਮ ਬਾਰੇ ਪੁੱਛਗਿੱਛ ਕੀਤੀ ਜਾਵੇਗੀ।