ਨਾਭਾ ’ਚ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ ਮਾਮਲੇ ’ਚ ਪੁਲਿਸ ਦੇ ਹੱਥ ਲੱਗੀ ਸਫ਼ਲਤਾ
ਰਵੀ ਸਿੰਘ ’ਤੇ ਪਹਿਲਾਂ ਹੀ ਐੱਨ. ਡੀ. ਪੀ. ਐੱਸ (NDPS) ਐਕਟ ਤਹਿਤ ਮਾਮਲੇ ਦਰਜ ਹਨ, ਹਾਲੇ ਤਿੰਨ ਦਿਨ ਪਹਿਲਾਂ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ।
ਚੰਡੀਗੜ੍ਹ: ਨਾਭਾ ਦੇ ਪਿੰਡ ਮੈਹਸ ’ਚ ਰਹਿਣ ਵਾਲੇ ਨੌਜਵਾਨ ਗੁਰਬਖਸ਼ੀਸ਼ ਸਿੰਘ ਉਰਫ਼ ਹਨੀਂ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ’ਚ ਨਾਭਾ ਦੀ ਸਦਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।
ਮੇਜਰ ਸਿੰਘ ਦੇ ਨਾਲ ਚਿੱਟਾ ਲੈਣ ਗਿਆ ਸੀ ਮ੍ਰਿਤਕ ਨੌਜਵਾਨ
ਨਾਭਾ ਦੇ ਸਦਰ ਥਾਣੇ ਦੀ ਪੁਲਿਸ ਮ੍ਰਿਤਕ ਗੁਰਬਖਸ਼ੀਸ਼ ਦੇ ਦੋਸਤ ਮੇਜਰ ਸਿੰਘ ਅਤੇ ਉਸਦੇ ਸਾਥੀ ਰਵੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਰਵੀ ਸਿੰਘ ’ਤੇ ਪਹਿਲਾਂ ਹੀ ਐੱਨ. ਡੀ. ਪੀ. ਐੱਸ (NDPS) ਐਕਟ ਤਹਿਤ ਮਾਮਲੇ ਦਰਜ ਹਨ, ਹਾਲੇ ਤਿੰਨ ਦਿਨ ਪਹਿਲਾਂ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਬਖਸ਼ੀਸ਼ ਸਿੰਘ ਤੇ ਮੇਜਰ ਸਿੰਘ ਦੋਵੋਂ ਜਣੇ ਚਿੱਟਾ ਲੈਣ ਭਵਾਨੀਗੜ੍ਹ ਸ਼ਹਿਰ ਨੇੜੇ ਪਿੰਡ ਖੇੜੀ ਗਿੱਲਾਂ ਵਿਖੇ ਰਵੀ ਸਿੰਘ ਕੋਲ ਗਏ ਸਨ।
ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ
ਨਾਭਾ ਦੇ ਡੀ. ਐੱਸ. ਪੀ ਦਵਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਗੁਰਬਖਸ਼ੀਸ਼ ਸਿੰਘ (Gurbakhshish Singh) ਨੇ ਪਹਿਲਾਂ ਇੰਨਜੈਕਸ਼ਨ ਲਗਾਇਆ ਤੇ ਕੁਝ ਦੇਰ ਬਾਅਦ ਨਸ਼ੇ ਦੀ ਦੂਜੀ ਡੋਜ਼ ਵੀ ਲੈ ਲਈ। ਜਿਸ ਤੋਂ ਬਾਅਦ ਨਸ਼ੇ ਦੀ ਓਵਰਡੋਜ਼ (Drug overdose)ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਵਲੋਂ ਆਈ. ਪੀ. ਸੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕਰਦਿਆਂ ਪਹਿਲਾਂ ਮੇਜਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਨੇ ਬਾਰੀਕੀ ਨਾਲ ਮਾਮਲੇ ਦੀ ਛਾਣਬੀਣ ਕਰਕੇ ਮੇਜਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਰਵੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਹਾਂ ਨੌਜਵਾਨਾਂ ਦੀ ਉਮਰ 20 ਤੋਂ 22 ਸਾਲਾਂ ਦੇ ਦਰਮਿਆਨ ਹੈ।