Solar Light Scam ’ਚ ਕੈਪਟਨ ਦੇ ਖ਼ਾਸਮਖਾਸ ਸੰਦੀਪ ਸੰਧੂ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਸੰਭਵ!
ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ (OSD) ਰਹੇ ਕੈਪਟਨ ਸੰਦੀਪ ਸੰਧੂ ਦੀ ਸੋਲਰ ਲਾਈਟਾਂ ਦੇ ਘਪਲੇ ਮਾਮਲੇ ’ਚ ਗ੍ਰਿਫ਼ਤਾਰੀ ਹੋ ਸਕਦੀ ਹੈ।
ਚੰਡੀਗੜ੍ਹ: ਸਾਬਕਾ ਕਾਂਗਰਸੀ ਮੰਤਰੀਆਂ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓ. ਐੱਸ. ਡੀ (OSD) ਰਹੇ ਕੈਪਟਨ ਸੰਦੀਪ ਸੰਧੂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਵਿਜੀਲੈਂਸ ਬਿਓਰੋ ਵਲੋਂ ਸਟਰੀਟ ਲਾਈਟਾਂ (Street Light Scam) ਦੇ 65 ਲੱਖ ਰੁਪਏ ਦੇ ਘਪਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ (OSD) ਰਹੇ ਕੈਪਟਨ ਸੰਦੀਪ ਸੰਧੂ (Captain Sandeep Sandhu) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਬਿਓਰੋ (Vigilance Bureau) ਵਲੋਂ ਇਸ ਮਾਮਲੇ ’ਚ ਕੈਪਟਨ ਸੰਧੂ ਦਾ ਨਾਮ ਦਰਜ ਕਰਨ ਸਬੰਧੀ ਜਾਣਕਾਰੀ ਅਦਾਲਤ ਨੂੰ ਭੇਜ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਕਦੇ ਵੀ ਕੈਪਟਨ ਸੰਧੂ ਦੀ ਗ੍ਰਿਫ਼ਤਾਰੀ ਸੰਭਵ ਹੈ।
ਕੀ ਹੈ ਪੂਰਾ ਮਾਮਲਾ?
ਕੈਪਟਨ ਸੰਧੂ ’ਤੇ ਦੋਸ਼ ਹਨ ਕਿ ਮੁੱਲਾਂਪੁਰ ਨਾਲ ਲਗਦੇ ਜਗਰਾਂਓ ਅਤੇ ਰਾਏਕੋਟ ’ਚ ਸੋਲਰ ਲਾਈਟਾਂ (Solar Lights) ਦੀ ਸਪਲਾਈ ਉਨ੍ਹਾਂ ਦੇ ਰਿਸ਼ਤੇਦਾਰ ਦੁਆਰਾ ਕੀਤੀ ਗਈ ਸੀ। ਇਸ ਖ਼ਰੀਦਦਾਰੀ ਦੌਰਾਨ ਜਾਅਲੀ ਕੰਪਨੀ ਹੌਂਦ ’ਚ ਲਿਆ ਕੇ ਸਰਕਾਰੀ ਰੇਟ ਤੋਂ ਵੱਧ ਕੀਮਤ ’ਤੇ ਲਾਈਟਾਂ ਖ਼ਰੀਦੀਆਂ ਗਈਆਂ। ਭ੍ਰਿਸ਼ਟਾਚਾਰ ਦੇ ਇਸ ਮਾਮਲੇ ’ਚ ਬਲਾਕ ਚੇਅਰਮੈਨ ਲਖਵਿੰਦਰ ਸਿੰਘ ਅਤੇ ਬੀਡੀਪੀਓ ਤਲਵਿੰਦਰ ਸਿੰਘ ਕੰਗ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਦੁੱਗਣੀ ਕੀਮਤ ’ਤੇ ਖ਼ਰੀਦੀਆਂ ਸੋਲਰ ਲਾਈਟਾਂ
ਮਾਮਲਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਕੈਪਟਨ ਸੰਦੀਪ ਸੰਧੂ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ (ਸਾਲੇ) ਨੇ ਸਿੱਧਵਾਂ ਬੇਟ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਅਤੇ ਬੀਡੀਪੀਓ ਨਾਲ ਮਿਲ ਕੇ 3325 ਰੁਪਏ ਦੀਆਂ ਕੀਮਤ ਵਾਲੀਆਂ ਲਾਈਟਾਂ 7288 ਰੁਪਏ ਪ੍ਰਤੀ ਲਾਈਟ ਦੀ ਦਰ ਨਾਲ ਖ਼ਰੀਦੀਆ। ਇਸ ਤੋਂ ਬਾਅਦ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜ਼ ਦੇ ਮਾਲਕ ਗੌਰਵ ਸ਼ਰਮਾ ਨਾਲ ਮਿਲੀਭੁਗਤ ਕਰਕੇ ਫਰਜ਼ੀ ਕੰਪਨੀ ਦੇ ਨਾਮ ’ਤੇ 65 ਲੱਖ ਰੁਪਏ ਦਾ ਚੈੱਕ ਉਕਤ ਫ਼ਰਮ ਨੂੰ ਕੱਟਿਆ ਗਿਆ।
ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ 65 ਪਿੰਡਾਂ ’ਚ ਸੋਲਰ ਲਾਈਟਾਂ ਲਗਾਈਆਂ ਵੀ ਨਹੀਂ ਗਈਆਂ, ਪਰੰਤੂ ਠੇਕੇਦਾਰ ਨੂੰ ਕੰਪਲੀਸ਼ਨ ਸਰਟੀਫ਼ਿਕੇਟ ਵੀ ਜਾਰੀ ਕਰ ਦਿੱਤਾ ਗਿਆ।