ਪਾਕਿਸਤਾਨ ਵਲੋਂ ਆ ਰਿਹਾ ਪ੍ਰਦੂਸ਼ਿਤ ਪਾਣੀ ਪੰਜਾਬ ’ਚ ਫੈਲਾ ਰਿਹਾ ਕੈਂਸਰ: ਬ੍ਰਹਮ ਸ਼ੰਕਰ ਜਿੰਪਾ
ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸੂਬੇ ’ਚ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ।
Water Vision 2024 News: ਰਾਜਧਾਨੀ ਦਿੱਲੀ ’ਚ ਵਾਟਰ ਵਿਜ਼ਨ 2047 ਦੇ ਪ੍ਰੋਗਰਾਮ ’ਚ ਇੱਕ ਵਾਰ ਫੇਰ ਸੂਬਾ ਸਰਕਾਰ ਅਤੇ ਕੇਂਦਰ ਆਹਮੋ-ਸਾਹਮਣੇ ਨਜ਼ਰ ਆਏ। ਜਿੱਥੇ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸੂਬੇ ’ਚ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਉੱਥੇ ਹੀ ਕੇਂਦਰੀ ਮੰਤਰੀ ਨੇ ਪ੍ਰਦੂਸ਼ਿਤ ਪਾਣੀ ਲਈ ਪੰਜਾਬ ’ਤੇ ਠੀਕਰਾ ਭੰਨਿਆ।
ਪ੍ਰੋਗਰਾਮ ਦੌਰਾਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਬਠਿੰਡਾ, ਫਾਜ਼ਿਲਕਾ ਸਮੇਤ ਪੰਜਾਬ ਦੇ ਬਾਰਡਰ ਜਿਲ੍ਹਿਆਂ ’ਚ ਸਾਫ਼ ਪਾਣੀ ਦੀ ਵੱਡੀ ਸਮੱਸਿਆ ਹੈ। ਇਸ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਪੰਜਾਬ ਦਾ ਸਹਿਯੋਗ ਕਰਨਾ ਚਾਹੀਦਾ ਹੈ। ਪਾਕਿਸਤਾਨ ਵਲੋਂ ਜੋ ਨਹਿਰ ਆ ਰਹੀ ਹੈ, ਉਸਦਾ ਪਾਣੀ ਪ੍ਰਦੂਸ਼ਿਤ ਹੋਕੇ ਪੰਜਾਬ ’ਚ ਆ ਰਿਹਾ ਹੈ।
ਪ੍ਰਦੂਸ਼ਿਤ ਪਾਣੀ ਦੇ ਮਾਮਲੇ ’ਚ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਹੋਰ ਕੋਈ ਢੰਗ ਅਪਨਾਉਣਾ ਚਾਹੀਦਾ ਹੈ। ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ’ਚ ਕੈਂਸਰ ਦੇ ਜ਼ਿਆਦਾ ਮਰੀਜ਼ ਹਨ, ਜਿਸ ਲਈ ਰਾਜਨੀਤੀ ਤੋਂ ਉੱਪਰ ਉੱਠਕੇ ਸਾਨੂੰ ਮਿਲਕੇ ਕੰਮ ਕਰਨ ਦੀ ਜ਼ਰੂਰਤ ਹੈ।
ਪੰਜਾਬ ’ਚ ਪਹਿਲਾਂ ਵੀ ਕਈ ਸਰਕਾਰਾਂ ਬਦਲੀਆਂ, ਪਰ ਕਿਸੇ ਨੇ ਵੀ ਇਸ ਸਮੱਸਿਆ ’ਤੇ ਧਿਆਨ ਨਹੀਂ ਦਿੱਤਾ। ਹੁਣ ਅਸੀਂ ਕੇਂਦਰ ਸਰਕਾਰ ਤੋਂ ਇਸ ਮਾਮਲੇ ’ਚ ਸਹਿਯੋਗ ਦੀ ਉਮੀਦ ਕਰਦੇ ਹਾਂ।
ਪਰ ਇਸ ਪ੍ਰੋਗਰਾਮ ਦੇ ਤੁਰੰਤ ਬਾਅਦ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪ੍ਰਦੂਸ਼ਿਤ ਪਾਣੀ ਦੇ ਮਾਮਲੇ ’ਚ ਪਾਕਿਸਤਾਨ ਦੀ ਬਜਾਏ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਬੁੱਢੇ ਨਾਲੇ ਦਾ ਪ੍ਰਦੂਸ਼ਿਤ ਪਾਣੀ ਸਤਲੁਜ ਦਰਿਆ ’ਚ ਮਿਲਾਇਆ ਜਾਂਦਾ ਹੈ।
ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਨੂੰ ਕੇਂਦਰ ਵਲੋਂ 750 ਕਰੋੜ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕੰਮ ਕੀਤਾ ਜਾ ਰਿਹਾ ਹੈ, ਪਰ ਕੰਮ ਉਸ ਗਤੀ ਨਾਲ ਨਹੀਂ ਹੋ ਰਿਹਾ ਜਿੰਨੀ ਗਤੀ ਨਾਲ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਜਾਣੋ, ਪ੍ਰਤਾਪ ਸਿੰਘ ਬਾਜਵਾ ਕਿਉਂ ਬੋਲੇ, “CM ਭਗਵੰਤ ਮਾਨ ਨੇ 2 ਬੱਕਰੇ ਝਟਕਾ ਦਿੱਤੇ, 1-2 ਹੋਰ ਵੀ ਲਾਈਨ ’ਚ ਹਨ”