ਦਿਲ ਦੀ ਤੰਦਰੁਸਤੀ ਸਿਹਤਮੰਦ ਰਹਿਣ ਲਈ ਕਿਉਂ ਜ਼ਰੂਰੀ?
ਸਾਡਾ ਦਿਲ ਮਾਂ ਦੀ ਕੁੱਖ ਵਿੱਚ ਛੇਵੇਂ ਹਫ਼ਤੇ ਤੋਂ ਬਣਦਾ ਅਤੇ ਧੜਕਣ ਵਿੱਚ ਆਉਂਦਾ ਹੈ ਅਤੇ ਸਾਰੀ ਉਮਰ ਕੰਮ ਕਰਦਾ ਰਹਿੰਦਾ ਹੈ। ਦਿਲ ਦਾ ਕੰਮ ਸਾਡੀ ਮੌਤ ਤੋਂ ਬਾਅਦ ਬੰਦ ਹੁੰਦਾ ਹੈ।
ਚੰਡੀਗੜ੍ਹ- ਸਾਡਾ ਦਿਲ ਸਾਰੀ ਉਮਰ ਧੜਕਦਾ ਰਹਿੰਦਾ ਹੈ। ਸਾਡੀ ਮੌਤ ਤੋਂ ਬਾਅਦ ਹੀ ਦਿਲ ਧੜਕਨਾ ਬੰਦ ਕਰਦਾ ਹੈ। ਜਦੋਂ ਅਸੀਂ ਕੋਈ ਸਰੀਰਕ ਕੰਮ ਕਰਾਂਗੇ ਤਾਂ ਦਿਲ ਹਰਕਤ ਵਿੱਚ ਆਵੇਗਾ ਅਤੇ ਦਿਲ ਮਜ਼ਬੂਤ ਵੀ ਹੋਵੇਗਾ। ਆਲਸੀ ਲੋਕ ਸਰੀਰਕ ਕਸ਼ਟਾਂ ਵਿੱਚ ਘਿਰੇ ਰਹਿੰਦੇ ਹਨ। ਸਾਡੇ ਸਰੀਰ ਨੂੰ ਖਾਣ ਜਿੰਨਾ ਹੀ ਜ਼ਰੂਰੀ ਕਸਰਤ ਕਰਨਾ ਵੀ ਹੈ। ਰਾਤ ਨੂੰ ਸਮੇਂ ਸਿਰ ਸੌਣ ਅਤੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਤੰਬਾਕੂ ਦੀ ਵਰਤੋਂ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ ਇਹ ਸਾਡੀ ਸਿਹਤ ਦਾ ਨੁਕਸਾਨ ਹੀ ਕਰਦੀ ਹੈ ਪਰ ਦਿਲ ਲਈ ਤਾਂ ਤੰਬਾਕੂ ਹੋਰ ਵੀ ਮਾਰੂ ਹੈ।
ਦਿਲ ਪ੍ਰਤੀ ਫਰਜ਼
ਸਾਡਾ ਵੀ ਆਪਣੇ ਆਪ ਅਤੇ ਆਪਣੇ ਦਿਲ ਪ੍ਰਤੀ ਇੱਕ ਫ਼ਰਜ਼ ਹੈ ਕਿ ਅਸੀਂ ਇਸ ਨੂੰ ਤੰਦਰੁਸਤ ਰੱਖਣ ਲਈ ਹਰ ਸੰਭਵ ਯਤਨ ਕਰੀਏ ਤਾਂ ਕਿ ਇਹ ਸਾਰੀ ਜ਼ਿੰਦਗੀ ਠੀਕ ਤਰ੍ਹਾਂ ਧੜਕਦਾ ਰਹੇ। ਸੰਸਾਰ ਵਿੱਚ ਜਿਹੜੇ ਲੋਕ ਸਰੀਰਕ ਮੁਸ਼ੱਕਤ ਭਰੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਉਹ ਵਧੇਰੇ ਤੰਦਰੁਸਤ ਜੀਵਨ ਬਤੀਤ ਕਰਦੇ ਹਨ। ਇਹ ਵੀ ਸਚਾਈ ਹੈ ਕਿ ਉਹ ਆਪਣੇ ਕੰਮ ਨੂੰ ਖ਼ੁਸ਼ੀ ਅਤੇ ਚਾਅ ਨਾਲ ਕਰਦੇ ਹਨ। ਥਕਾਵਟ ਕਾਰਨ ਵਿਹਲੇ ਸਮੇਂ ਨੂੰ ਵੀ ਉਹ ਬਹੁਤ ਆਨੰਦ ਨਾਲ ਗੁਜ਼ਾਰਦੇ ਹਨ। ਦਿਲ ਨੂੰ ਰੋਗਾਂ ਤੋਂ ਬਚਾਉਣ ਲਈ ਚੰਗਾ ਤੇ ਪੌਸ਼ਟਿਕ ਭੋਜਨ ਖਾਉ। ਮੋਟਾਪਾ ਦਿਲ ਨੂੰ ਬਿਮਾਰ ਕਰਨ ਵਾਲੇ ਸਭ ਤੋਂ ਅਹਿਮ ਕਾਰਨਾਂ ਵਿੱਚ ਇੱਕ ਹੈ। ਸਾਲ ਵਿੱਚ ਇੱਕ ਵਾਰ ਆਪਣੇ ਸਰੀਰ ਦਾ ਮੈਡੀਕਲ ਚੈਕਅੱਪ ਜ਼ਰੂਰ ਕਰਾਵਾਉ ਤਾਂ ਕਿ ਕੁਝ ਗੰਭੀਰ ਰੋਗਾਂ ਦਾ ਸਮੇਂ ਸਿਰ ਪਤਾ ਲੱਗ ਸਕੇ ਤੇ ਢੁਕਵਾਂ ਇਲਾਜ ਹੋ ਸਕੇ।
WATCH LIVE TV