WFI Protest: ਖੇਡ ਮੰਤਰਾਲੇ ਦੇ ਭਰੋਸੇ ਤੋਂ ਸੰਤੁਸ਼ਟ ਨਹੀਂ ਹੋਏ ਪਹਿਲਵਾਨ, PM ਨਾਲ ਕਰਨਗੇ ਮੁਲਾਕਾਤ
ਬਜਰੰਗ ਪੂਨੀਆ (Bajrang Punia) ਨੇ ਦੱਸਿਆ ਕਿ ਸਾਡੇ ਵਿਚਕਾਰ ਚਾਰ-ਪੰਜ ਮਹਿਲਾ ਪਹਿਲਵਾਨ ਹਨ, ਜਿਨਾਂ ਨਾਲ ਸ਼ਰੀਰਕ ਸੋਸ਼ਣ ਦੀਆਂ ਘਟਨਾਵਾਂ ਹੋਈਆਂ ਹਨ।
Protest of Wrestlers: ਭਾਰਤੀ ਪਹਿਲਵਾਨਾਂ ਨੇ ਸ਼ੁੱਕਰਵਾਰ ਨੂੰ ਰਾਜਧਾਨੀ ’ਚ ਸਥਿਤ ਸ਼ਾਸਤਰੀ ਭਵਨ ’ਚ ਖੇਡ ਮੰਤਰਾਲੇ ਦੇ ਸੀਨੀਅਰ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ਤੋਂ ਬਾਅਦ ਵਿਨੇਸ਼ ਫੋਗਾਟ ਦਾ ਬਿਆਨ ਸਾਹਮਣੇ ਆਇਆ, ਜਿਸ ’ਚ ਉਨ੍ਹਾਂ ਕਿਹਾ ਕਿ ਹੁਣ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਾਂਗੇ।
ਦਰਅਸਲ, ਵਿਨੇਸ਼ ਫੋਗਾਟ ਅਕੇ ਸਾਕਸ਼ੀ ਮਲਿਕ (Sakshi Malik) ਨੇ ਭਾਰਤੀ ਕੁਸ਼ਤੀ ਮਹਾਂ-ਸੰਘ (WFI) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬ੍ਰਜ ਭੂਸ਼ਣ ਸ਼ਰਨ ਸਿੰਘ ’ਤੇ ਸ਼ਰੀਰਕ ਸੋਸ਼ਣ ਦੇ ਆਰੋਪ ਲਗਾਏ ਹਨ।
ਸਾਕਸ਼ੀ ਮਲਿਕ ਨੇ ਦੱਸਿਆ ਕਿ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਹੋਈ ਮੁਲਾਕਾਤ ਦੌਰਾਨ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਉੱਥੇ ਹੀ ਵਿਨੇਸ਼ ਫੋਗਾਟ (Vinesh Phogat) ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਆਪਣਾ ਪ੍ਰਦਰਸ਼ਨ ਜਾਰੀ ਰਖਾਂਗੇ।
ਇਸ ਸਭ ਦੇ ਵਿਚਾਲੇ ਬਜਰੰਗ ਪੂਨੀਆ (Bajrang Punia) ਨੇ ਦੱਸਿਆ ਕਿ ਸਾਡੇ ਵਿਚਕਾਰ ਚਾਰ-ਪੰਜ ਮਹਿਲਾ ਪਹਿਲਵਾਨ ਹਨ, ਜਿਨਾਂ ਨਾਲ ਸ਼ਰੀਰਕ ਸੋਸ਼ਣ ਦੀਆਂ ਘਟਨਾਵਾਂ ਹੋਈਆਂ ਹਨ। ਪਹਿਲਵਾਨ ਪੂਨੀਆ ਨੇ ਕਿਹਾ ਕਿ ਸਾਡੇ ਕੋਲ ਸਬੂਤ ਹਨ, ਪਰ ਹਾਲ ਦੀ ਘੜੀ ਜਨਤਕ ਨਹੀਂ ਕਰਾਂਗੇ।
ਬਜਰੰਗ ਪੂਨੀਆ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ 20 ਜਨਵਰੀ ਤੱਕ ਫੈਡਰੇਸ਼ਨ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਤਾਂ ਅਸੀਂ ਕੁਸ਼ਤੀ ਮਹਾਂ-ਸੰਘ ਦੇ ਚੇਅਰਮੈਨ ਖ਼ਿਲਾਫ਼ ਐੱਫ. ਆਈ. ਆਰ. (FIR) ਦਰਜ ਕਰਵਾਵਾਂਗੇ।
ਪਹਿਲਵਾਨਾਂ ਦੇ ਸਮੂਹ ਦਾ ਕਹਿਣਾ ਹੈ ਕਿ ਬ੍ਰਜ ਭੂਸ਼ਣ ਦੇ ਅਸਤੀਫ਼ੇ ਤੋਂ ਬਾਅਦ ਉਸਨੂੰ ਜੇਲ੍ਹ ਭੇਜਕੇ ਰਹਾਂਗੇ। ਦਿੱਲੀ ਦੀ ਪਾਲਮ 360 ਖਾਪ ਪੰਚਾਇਤ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਲੰਕੀ ਨੇ ਵੀ ਪਹਿਲਵਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਤਰ-ਮੰਤਰ ’ਤੇ ਸੈਂਕੜੇ ਪਹਿਲਵਾਨ ਖਿਡਾਰੀ ਬੈਠੇ ਹਨ, ਉਹ ਬਿਨਾ ਕਿਸੇ ਸਬੂਤ ਦੇ ਕਿਸੇ ’ਤੇ ਬੇਬੁਨਿਆਦ ਆਰੋਪ ਨਹੀਂ ਲਗਾ ਸਕਦੇ।
ਉੱਧਰ ਹਰਿਆਣਾ ਦੇ ਮੁੱਖ ਮੰਤਰੀ ਦਾ ਵੀ ਇਸ ਮਾਮਲੇ ’ਚ ਬਿਆਨ ਸਾਹਮਣੇ ਆਇਆ ਹੈ। CM ਖੱਟਰ ਨੇ ਕਿਹਾ ਕਿ ਕੇਂਦਰੀ ਖੇਡ ਮੰਤਰਾਲੇ ਨੇ ਇਸ ਮਾਮਲੇ ’ਚ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸਰਕਾਰ ਕਾਰਵਾਈ ਕਰੇਗੀ। ਇਹ ਚਿੰਤਾ ਦਾ ਮਾਮਲਾ ਹੈ, ਇਸ ਨਾਲ ਖਿਡਾਰੀਆਂ ਦਾ ਮਨੋਬਲ ਟੁੱਟਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕੁਸ਼ਤੀ ਮਹਾ-ਸੰਘ ਦੀ ਕਾਰਜਕਾਰੀ ਕਮੇਟੀ ਦੀ ਸਲਾਨਾ ਜਨਰਲ ਬੈਠਕ (AGM) 22 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਅਯੋਧਿਆ ’ਚ ਹੋਵੇਗੀ। ਬੈਠਕ ’ਚ ਮਹਾ-ਸੰਘ ਦੇ ਚੇਅਰਮੈਨ ਬ੍ਰਜਭੂਸ਼ਣ ਸ਼ਰਣ ਸਿੰਘ ਵੀ ਹਿੱਸਾ ਲੈਣਗੇ।
ਮੀਡੀਆ ਰਿਪੋਰਟਾਂ ਅਨੁਸਾਰ ਬ੍ਰਜਭੂਸ਼ਣ ਸਿੰਘ ਇਸ ਬੈਠਕ ’ਚ ਅਸਤੀਫ਼ਾ ਦੇ ਸਕਦੇ ਹਨ।
ਇਹ ਵੀ ਪੜ੍ਹੋ: ਕੜਕਦੀ ਠੰਡ ’ਚ ਪਾਣੀ ਵਰਤਿਆ ਕੰਜੂਸੀ ਨਾਲ ਫੇਰ ਵੀ ਬਿੱਲ ਆਇਆ 1 ਲੱਖ 80 ਹਜ਼ਾਰ!