Gurdaspur News(Bhopal Singh): ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਦੇ ਇੰਡੋ-ਪਾਕ ਬਾਰਡਰ 'ਤੇ ਸਥਿਤ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦਾ ਜਰਮਨ ਵਿੱਚ ਕਤਲ ਕਰ ਦਿੱਤਾ ਗਿਆ। ਪਿਛਲੇ ਸਾਲ ਹੀ ਬਲਜੀਤ ਸਿੰਘ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ। ਪਰ ਕੁੱਝ ਦਿਨ ਪਹਿਲਾਂ ਨੌਜਵਾਨ ਬਲਜੀਤ ਸਿੰਘ ਦਾ ਜਰਮਨ ਵਿੱਚ ਪਾਕਿਸਤਾਨੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਇਸੇ ਦੌਰਾਨ ਇੱਕ ਪਾਕਿਸਤਾਨੀ ਨੌਜਵਾਨ ਵੱਲੋਂ ਉਸ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਜਖ਼ਮੀ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਬਲਜੀਤ ਸਿੰਘ ਦੀ ਮੌਤ ਹੋ ਗਈ। ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤੀ ਦੂਤਾਵਾਸ ਨਾਲ ਗੱਲਬਾਤ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਉਨ੍ਹਾਂ  ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।


COMMERCIAL BREAK
SCROLL TO CONTINUE READING

ਪਾਕਿਸਤਾਨ ਦੇ ਨੌਜਵਾਨਾਂ ਨਾਲ ਹੋਇਆ ਝਗੜਾ
ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਬਲਜੀਤ ਸਿੰਘ ਦੇ ਦੋ ਬੱਚੇ ਹਨ ਅਤੇ ਉਹ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਪਿਛਲੇ ਸਾਲ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਜਰਮਨ ਦੇ ਸ਼ਹਿਰ ਬਰਲਿਨ ਵਿੱਚ ਗਿਆ ਸੀ ਅਤੇ ਉੱਥੇ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਸ਼ਾਮ ਨੂੰ ਉਸਦੇ ਘਰ ਦੇ ਬਾਹਰ ਖੜੇ ਕੁਝ ਪਾਕਿਸਤਾਨੀ ਮੁੰਡਿਆਂ ਨਾਲ ਉਸਦਾ ਝਗੜਾ ਹੋ ਗਿਆ ਅਤੇ ਝਗੜੇ ਦੌਰਾਨ ਇੱਕ ਪਾਕਿਸਤਾਨੀ ਨੌਜਵਾਨ ਨੇ ਉਸਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।


ਦੋ ਬੱਚਿਆ ਨੂੰ ਪਿੱਛੇ ਛੱਡ ਗਿਆ ਬਲਜੀਤ


ਪਰਿਵਾਰ ਦਾ ਕਹਿਣਾ ਹੈ ਕਿ ਬਲਜੀਤ ਦੀ ਮੌਤ ਦੀ ਜਾਣਕਾਰੀ ਉਹਨਾਂ ਨੂੰ ਉਸਦੇ ਭਰਾ ਦੇ ਇੱਕ ਦੋਸਤ ਨੇ ਦਿੱਤੀ। ਬਲਜੀਤ ਦੀ ਮੌਤ ਦੀ ਇਹ ਜਾਣਕਾਰੀ ਮਿਲਦੇ ਹੀ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਬਲਜੀਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।


ਦੋਸ਼ੀਆਂ ਖਿਲਾਫ ਕੇਂਦਰ ਤੋਂ ਕਾਰਵਾਈ ਦੀ ਮੰਗ


ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤੀ ਦੂਤਾਵਾਸ ਨਾਲ ਗੱਲਬਾਤ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਵੇ ਅਤੇ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਸਦੇ ਜੱਦੀ ਪਿੰਡ ਵਿਖੇ ਉਸਦਾ ਅੰਤਿਮ ਸਸਕਾਰ ਕੀਤਾ ਜਾ ਸਕੇ। ਪਰਿਵਾਰ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਸੀ ਜਿਸ ਦਾ ਜਵਾਬ ਆ ਚੁੱਕਾ ਹੈ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇਗੀ। ਪਰ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਿੱਚ ਉਹਨਾਂ ਦੀ ਮਦਦ ਕਰੇ।