ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਪ੍ਰਕਾਸ਼ ਪੁਰਬ, ਵੇਖੋਂ ਹਰਮੰਦਰ ਸਾਹਿਬ ਤੋਂ ਨਗਰ ਕੀਰਤਨ ਦੀਆਂ ਤਸਵੀਰਾਂ
1604 ਵਿੱਚ ਪਹਿਲੀਂ ਵਾਰ ਸ੍ਰੀ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ
ਅੰਮ੍ਰਿਤਸਰ/ਪਰਮਵੀਰ ਰਿਸ਼ੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਨਗਰ ਕੀਰਤਨ ਸਜਾਇਆ ਗਿਆ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ, ਪੰਜ ਪਿਆਰੀਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ,ਕੋਰੋਨਾ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਚਰਨਾ ਵਿੱਚ ਹਾਜ਼ਰੀ ਲਵਾਈ
1604 ਵਿੱਚ ਅੱਜ ਦੇ ਦਿਨ ਹੀ ਪਹਿਲੀਂ ਵਾਰ ਸ੍ਰੀ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲੀਂ ਵਾਰ ਪ੍ਰਕਾਸ਼ ਕੀਤਾ ਗਿਆ ਸੀ, ਇਸ ਮੌਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲਾਂ ਗ੍ਰੰਥੀ ਥਾਪਿਆ ਗਿਆ ਸੀ
ਇਸ ਤਰ੍ਹਾਂ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆਰੰਭਤਾ ਨਿਰੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਦੇਸ਼ ਹੋਈ ਬਾਣੀ ਨਾਲ ਹੁੰਦਾ ਹੈ, ਇਸ ਤੋਂ ਪਹਿਲਾਂ ਗੁਰੂ ਸਾਹਿਬਾਨਾ ਵੱਲੋਂ ਭਗਤਾਂ, ਭੱਟਾ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਸਾਂਭ-ਸੰਭਾਲ ਲਿਆ ਗਿਆ, ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ 'ਪੋਥੀ' ਰੂਪ ਵਿੱਚ ਲਿਖ ਦਿੱਤੇ ਸਨ, ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ, ਆਤਮ-ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਵਾਉਣ ਵਾਲੇ ਇੰਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ,ਸ੍ਰੀ ਗੁਰੂ ਅਮਰਦਾਸ ਸਾਹਿਬ,ਸ੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਨਿਰੰਤਰ ਚੱਲਦਾ ਰਿਹਾ
ਇਹ ਪਾਵਨ ਬਚਨ ਪੋਥੀ ਰੂਪ ਵਿੱਚ ਇੱਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਪ੍ਰਾਪਤ ਹੋਏ,ਸਾਂਤੀ ਤੇ ਪੁੰਜ,ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਭਗਤਾਂ,ਭੱਟਾ ਅਤੇ ਗੁਰੂ ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ 'ਆਦਿ ਗ੍ਰੰਥ ਦਾ ਸੰਪਾਦਨ ਕੀਤਾ, ਭਾਈ ਗੁਰਦਾਸ ਜੀ, ਜੋ ਕਿ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇੱਕ ਸਨ, ਨੇ ਰਾਮਸਰ ਸਰੋਵਰ ਦੇ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਅਗਵਾਈ ਹੇਠ ਪਾਵਨ ਬੀੜ ਨੂੰ ਲਿਖ ਕੇ ਸੇਵਾ ਨਿਭਾਈ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਮੂਹ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਨਮੁਖ ਬਿਰਾਜਮਾਨ ਹੋ ਗਈਆ,ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ, ਬਾਬਾ ਬੁੱਢਾ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕਰਕੇ ਉਪਰੰਤ ਹੁਕਮਨਾਮਾ ਲਿਆ
ਇਸ ਤਰ੍ਹਾਂ ਮਿਲੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਤਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਮਨੀ ਸਿੰਘ ਪਾਸੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ,ਤਲਵੰਡੀ ਸਾਬੋ ਦੇ ਅਸਥਾਨ ਤੇ ਦਰਜ ਕਰਵਾਇਆ, ਉਪਰੰਤ 1708 ਵਿੱਚ ਨਾਂਦੇੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਅਰਪਿਤ ਕਰਕੇ ਸਮੁੱਚੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਚੱਲਣ ਦਾ ਆਦੇਸ਼ ਦਿੱਤਾ