IND VS BAN 2ND T20: ਭਾਰਤੀ ਟੀਮ ਨੇ ਬੁੱਧਵਾਰ (9 ਅਕਤੂਬਰ) ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ 'ਚ 86 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ 3 ਮੈਚਾਂ ਦੀ ਟੀ-20 ਸੀਰੀਜ਼ 2-0 ਨਾਲ ਜਿੱਤ ਲਈ ਹੈ।


COMMERCIAL BREAK
SCROLL TO CONTINUE READING

ਇਸ ਮੈਚ ਦੇ ਹੀਰੋ ਬੱਲੇਬਾਜ਼ ਨਿਤੀਸ਼ ਰੈੱਡੀ ਅਤੇ ਰਿੰਕੂ ਸਿੰਘ ਰਹੇ, ਜਿਨ੍ਹਾਂ ਨੇ ਤੂਫਾਨੀ ਅੰਦਾਜ਼ 'ਚ ਅਰਧ ਸੈਂਕੜੇ ਲਗਾਏ। ਇਸ ਕਾਰਨ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 222 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਬੰਗਲਾਦੇਸ਼ੀ ਬੱਲੇਬਾਜ਼ਾਂ ਨੂੰ ਢੇਰ ਕਰ ਦਿੱਤਾ ਅਤੇ ਪੂਰੀ ਟੀਮ 9 ਵਿਕਟਾਂ 'ਤੇ 135 ਦੌੜਾਂ ਹੀ ਬਣਾ ਸਕੀ।


ਬੰਗਲਾਦੇਸ਼ ਲਈ ਆਪਣੀ ਆਖਰੀ ਸੀਰੀਜ਼ ਖੇਡ ਰਹੇ ਮਹਿਮੂਦੁੱਲਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 41 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 20 ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ।


ਭਾਰਤੀ ਗੇਂਦਬਾਜ਼ਾਂ ਨੇ ਮਿਲ ਕੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਤੀਸ਼ ਰੈੱਡੀ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਲਈਆਂ। ਜਦਕਿ ਅਰਸ਼ਦੀਪ ਸਿੰਘ, ਵਾਸ਼ਿੰਗਟਨ ਸੁੰਦਰ, ਅਭਿਸ਼ੇਕ ਸ਼ਰਮਾ, ਮਯੰਕ ਯਾਦਵ ਅਤੇ ਰਿਆਨ ਪਰਾਗ ਨੂੰ 1-1 ਸਫਲਤਾ ਮਿਲੀ।


ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ 25 ਦੌੜਾਂ 'ਤੇ 2 ਵਿਕਟਾਂ ਅਤੇ 41 ਦੌੜਾਂ 'ਤੇ ਤੀਜੀ ਵਿਕਟ ਗੁਆ ਦਿੱਤੀ ਸੀ। ਸੰਜੂ ਸੈਮਸਨ (10), ਅਭਿਸ਼ੇਕ ਸ਼ਰਮਾ (15) ਅਤੇ ਕਪਤਾਨ ਸੂਰਿਆਕੁਮਾਰ ਯਾਦਵ (8) ਦੌੜਾਂ ਬਣਾ ਕੇ ਜਲਦੀ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਨਿਤੀਸ਼ ਰੈੱਡੀ ਅਤੇ ਰਿੰਕੂ ਸਿੰਘ ਨੇ ਪਾਰੀ ਸੰਭਾਲੀ ਅਤੇ ਮੈਦਾਨ 'ਤੇ ਤੂਫਾਨੀ ਬੱਲੇਬਾਜ਼ੀ ਦਾ ਨਜ਼ਾਰਾ ਦਿਖਾਇਆ।


ਦੋਵਾਂ ਨੇ ਮਿਲ ਕੇ 49 ਗੇਂਦਾਂ 'ਚ 108 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਨਿਤੀਸ਼ ਨੇ ਆਪਣੇ ਕਰੀਅਰ ਦੇ ਦੂਜੇ ਮੈਚ ਵਿੱਚ ਪਹਿਲਾ ਅਰਧ ਸੈਂਕੜਾ ਲਗਾਇਆ। ਉਸ ਨੇ 27 ਗੇਂਦਾਂ 'ਤੇ ਅਰਧ ਸੈਂਕੜੇ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 7 ਛੱਕੇ ਅਤੇ 4 ਚੌਕੇ ਲਗਾਏ।


ਨਿਤੀਸ਼ ਦੇ ਆਊਟ ਹੁੰਦੇ ਹੀ ਰਿੰਕੂ ਸਿੰਘ ਨੇ 26 ਗੇਂਦਾਂ 'ਚ ਅਰਧ ਸੈਂਕੜਾ ਜੜ ਦਿੱਤਾ। ਰਿੰਕੂ ਨੇ ਆਪਣੀ ਪਾਰੀ 'ਚ 3 ਛੱਕੇ ਅਤੇ 5 ਚੌਕੇ ਲਗਾਏ। ਇਸ ਕਾਰਨ ਭਾਰਤੀ ਟੀਮ ਨੇ 9 ਵਿਕਟਾਂ ਗੁਆ ਕੇ 221 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਰਿਸ਼ਾਦ ਹੁਸੈਨ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਦਕਿ ਮੁਸਤਫਿਜ਼ੁਰ ਰਹਿਮਾਨ, ਤਸਕੀਨ ਅਹਿਮਦ ਅਤੇ ਤਨਜ਼ੀਮ ਹਸਨ ਸਾਕਿਬ ਨੇ 2-2 ਵਿਕਟਾਂ ਹਾਸਲ ਕੀਤੀਆਂ।