Major Dhyan Chand: ਮੇਜਰ ਧਿਆਨ ਚੰਦ ਭਾਰਤੀ ਹਾਕੀ ਟੀਮ ਦਾ ਬਹੁਤ ਵੱਡਾ ਨਾਂਅ ਹੈ। ਜਦੋਂ ਵੀ ਹਾਕੀ ਖੇਡ ਦੀ ਗੱਲ ਚੱਲਦੀ ਹੈ ਤਾਂ ਉਸ ਦਾ ਨਾਂਅ ਬੜੇ ਫ਼ਖਰ ਨਾਲ ਲਿਆ ਜਾਂਦਾ ਹੈ। ਉਸ ਨੂੰ ਉਸ ਦੀ ਅਦਭੁਤ ਖੇਡ ਲਈ ਹਾਕੀ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ। ਉਹ ਹਾਕੀ ’ਚ ਉਹ ਹੀ ਸਥਾਨ ਰੱਖਦਾ ਹੈ, ਜੋ ਕਿਕੇਟ ’ਚ ਸਰ ਡਾਨ ਬਰੈੱਡਮਿਨ ਦਾ ਹੈ। ਉਸ ਦੇ ਖੇਡ ਜੀਵਨ ਨਾਲ ਬਹੁਤ ਸਾਰੇ ਕਿੱਸੇ ਜੁੜੇ ਹੋਏ ਹਨ।


COMMERCIAL BREAK
SCROLL TO CONTINUE READING

ਮੇਜਰ ਧਿਆਨ ਚੰਦ ਦਾ ਜਨਮ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ 29 ਅਗਸਤ 1905 ਨੂੰ ਹੋਇਆ। ਉਹ ਕੁਸ਼ਵਾਹਾ ਮੌਰੀਆ ਪਰਿਵਾਰ ’ਚੋਂ ਸੀ। ਉਸ ਦੇ ਪਿਤਾ ਦਾ ਨਾਂ ਸਮੇਸ਼ਵਰ ਸਿੰਘ ਸੀ, ਜੋ ਅੰਗਰੇਜ਼ੀ ਭਾਰਤੀ ਫ਼ੌਜ ’ਚ ਸੂਬੇਦਾਰ ਸੀ। ਉਸ ਦਾ ਪਿਤਾ ਵੀ ਹਾਕੀ ਦਾ ਇਕ ਚੰਗਾ ਖਿਡਾਰੀ ਸੀ। ਮੇਜਰ ਧਿਆਨ ਚੰਦ ਦੇ ਦੋ ਭਰਾ ਮੂਲ ਸਿੰਘ ਅਤੇ ਰੂਪ ਸਿੰਘ ਸਨ। 16 ਸਾਲ ਦੀ ਉਮਰ ’ਚ ਉੁਹ ਪੰਜਾਬ ਰੈਜੀਮੈਂਟ ’ਚ ਸਿਪਾਹੀ ਦੇ ਤੌਰ ’ਤੇ ਭਰਤੀ ਹੋ ਗਿਆ। ਫ਼ੌਜ ’ਚ ਆਉਣ ਤੋਂ ਬਾਅਦ ਉਸ ਨੇ ਵਧੀਆ ਤਰੀਕੇ ਨਾਲ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ।


ਪੰਕਜ ਗੁਪਤਾ ਨੂੰ ਉਸ ਦਾ ਸਭ ਤੋਂ ਪਹਿਲਾ ਕੋਚ ਕਿਹਾ ਜਾਂਦਾ ਹੈ। ਉਸ ਨੇ ਧਿਆਨ ਚੰਦ ਦੀ ਖੇਡ ਨੂੰ ਦੇਖਦਿਆਂ ਇਹ ਕਹਿ ਦਿੱਤਾ ਕਿ ਇਕ ਦਿਨ ਇਹ ਖਿਡਾਰੀ ਪੂਰੀ ਦੁਨੀਆ ’ਚ ਚੰਦ ਦੀ ਤਰ੍ਹਾਂ ਚਮਕੇਗਾ। ਉਸ ਨੇ ਹੀ ਧਿਆਨ ਸਿੰਘ ਨੂੰ ਚੰਦ ਦਾ ਨਾਂ ਦਿੱਤਾ। ਇਸ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਧਿਆਨ ਚੰਦ ਦੇ ਨਾਂ ਨਾਲ ਬੁਲਾਉਣ ਲੱਗੇ। 


ਇਸ ਤੋਂ ਬਾਅਦ ਧਿਆਨ ਸਿੰਘ ਧਿਆਨ ਚੰਦ ਬਣ ਗਿਆ। 1926 ’ਚ ਨਿਊਜ਼ੀਲੈਂਡ ’ਚ ਹੋਣ ਵਾਲੇ ਟੂਰਨਾਮੈਂਟ ’ਚ ਉਸ ਨੂੰ ਚੁਣਿਆ ਗਿਆ। ਇੱਥੇ ਇਕ ਮੈਚ ਦੌਰਾਨ ਭਾਰਤੀ ਹਾਕੀ ਟੀਮ ਨੇ 20 ਗੋਲ ਕਰ ਦਿੱਤੇ, ਜਿਸ ਦੌਰਾਨ ਦਸ ਗੋਲ ਇਕੱਲੇ ਧਿਆਨ ਚੰਦ ਨੇ ਹੀ ਕੀਤੇ ਸਨ। ਇਸ ਟੂਰਨਾਮੈਂਟ ਦੌਰਾਨ ਭਾਰਤ ਨੇ 21 ਮੈਚ ਖੇਡੇ, ਜਿਨ੍ਹਾਂ ’ਚੋਂ 18 ਮੈਚਾਂ ’ਚ ਭਾਰਤ ਦੀ ਜਿੱਤ ਹੋਈ, ਇੱਕ ’ਚ ਹਾਰ ਮਿਲੀ, ਦੋ ਮੈਚ ਡਰਾਅ ਹੋਏ। ਇਸ ਟੂਰਨਾਮੈਂਟ ਦੌਰਾਨ 192 ਗੋਲ ਹੋਏ, ਜਿਨ੍ਹਾਂ ’ਚੋਂ 100 ਗੋਲ ਇਕੱਲੇ ਧਿਆਨ ਚੰਦ ਨੇ ਹੀ ਕੀਤੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਧਿਆਨ ਚੰਦ ਵਾਕਈ ਹਾਕੀ ਦੇ ਜਾਦੂਗਰ ਸਨ। ਧਿਆਨ ਚੰਦ ਨੇ ਅਪਣੀ ਹਾਕੀ ਨਾਲ 1000 ਗੋਲ ਕੀਤੇ ਹਨ ਜੋ ਇਕ ਰਿਕਾਰਡ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ।


ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ
ਧਿਆਨਚੰਦ ਨੇ ਆਪਣੀ ਕ੍ਰਿਸ਼ਮਈ ਹਾਕੀ ਨਾਲ ਜਰਮਨ ਤਾਨਾਸ਼ਾਹ ਹਿਟਲਰ ਹੀ ਨਹੀਂ ਸਗੋਂ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ ਸੀ। ਧਿਆਨਚੰਦ ਦਾ ਖੇਡ ਵੇਖ ਕੇ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ।


ਉਨ੍ਹਾਂ ਨੇ ਆਪਣੀ ਹਾਕੀ ਨਾਲ 1000 ਗੋਲ ਕੀਤੇ ਹਨ। ਉਨ੍ਹਾਂ ਦੀ ਇਹ ਖੇਡ ਵੇਖ ਕੇ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਡਾਨ ਬਰੈਡਮੈਨ ਨੇ ਵੀ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਤੁਸੀ ਤਾਂ ਕ੍ਰਿਕਟ ਵਿਚ ਦੌੜਾਂ ਦੀ ਤਰ੍ਹਾਂ ਗੋਲ ਕਰਦੇ ਹੋ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ।


ਠੁਕਰਾ ਦਿੱਤਾ ਸੀ ਹਿਟਲਰ ਦਾ ਆਫਰ
ਧਿਆਨਚੰਦ ਦਾ ਖੇਡ ਅਜਿਹਾ ਸੀ ਕਿ ਕੋਈ ਵੀ ਉਸਨੂੰ ਵੇਖਦਾ ਤਾਂ ਉਸਦਾ ਦੀਵਾਨਾ ਹੋ ਜਾਂਦਾ। ਉਨ੍ਹਾਂ ਦੇ ਖੇਡ ਦਾ ਜਾਦੂ ਅਜਿਹਾ ਸੀ ਕਿ ਜਰਮਨ ਤਾਨਾਸ਼ਾਹ ਹਿਟਲਰ ਤੱਕ ਉਨ੍ਹਾਂ ਦੀ ਖੇਡ ਦੇ ਮੁਰੀਦ ਹੋ ਗਏ ਸਨ।


ਹਿਟਲਰ ਨੇ ਉਨ੍ਹਾਂ ਨੂੰ ਜਰਮਨ ਫੌਜ ਵਿਚ ਅਹੁਦਾ ਆਫਰ ਕਰਦੇ ਹੋਏ ਉਨ੍ਹਾਂ ਵਲੋਂ ਖੇਡਣ ਦਾ ਆਫਰ ਦਿੱਤਾ ਸੀ ਜਿਸਨੂੰ ਭਾਰਤ ਦੇ ਇਸ ਸਪੁੱਤਰ ਨੇ ਠੁਕਰਾ ਦਿੱਤਾ ਸੀ। ਉਨ੍ਹਾਂ ਨੇ ਹਿਟਲਰ ਨੂੰ ਕਿਹਾ, ''ਮੈਂ ਭਾਰਤ ਦਾ ਲੂਣ ਖਾਧਾ ਹੈ, ਮੈਂ ਭਾਰਤੀ ਹਾਂ ਅਤੇ ਭਾਰਤ ਲਈ ਹੀ ਖੇਡਾਂਗਾ।''


ਪਦਮ ਭੂਸ਼ਨ ਐਵਾਰਡ
ਧਿਆਨ ਚੰਦ ਨੇ 1948 ਤੱਕ ਦੇ ਆਪਣੇ ਅੰਤਰਾਸ਼ਟਰੀ ਖੇਡ ਜੀਵਨ ਦੌਰਾਨ ਸੈਂਟਰ ਫਾਰਵਰਡ ਵਜੋਂ ਖੇਡਦਿਆਂ 400 ਤੋਂ ਵੱਧ ਗੋਲ ਕੀਤੇ। ਭਾਰਤ ਸਰਕਾਰ ਨੇ 1956 ਵਿੱਚ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸੇ ਸਾਲ ਹੀ ਉਹ ਫੌਜ ਦੀ ਸੇਵਾ ਤੋਂ ਮੇਜਰ ਵਜੋਂ ਰਿਟਾਇਰ ਹੋਇਆ। ਕੁਝ ਕੁ ਸਮਾਂ ਮਾਊਂਟ ਆਬੂ ਵਿਖੇ ਖਿਡਾਰੀਆਂ ਨੂੰ ਖੇਡ ਤਕਨੀਕਾਂ ਸਿਖਾਉਣ ਉਪਰੰਤ ਕਾਫੀ ਦੇਰ ਤੱਕ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ (NIS) ਵਿੱਚ ਮੁੱਖ ਹਾਕੀ ਕੋਚ ਵਜੋਂ ਸੇਵਾ ਨਿਭਾਈ, ਜਿੱਥੇ ਉਸ ਦੀ ਅਗਵਾਈ ਨੇ ਦੇਸ਼ ਨੂੰ ਕਈ ਉੱਚ ਕੋਟੀ ਦੇ ਹਾਕੀ ਖਿਡਾਰੀ ਦਿੱਤੇ। ਆਪਣਾ ਅੰਤਲਾ ਸਮਾਂ ਧਿਆਨ ਚੰਦ ਨੇ ਝਾਂਸੀ ਵਿਖੇ ਬਿਤਾਇਆ ਅਤੇ ਉਸਨੇ ਏਮਜ਼ ਦਿੱਲੀ ਵਿੱਚ 3 ਦਸੰਬਰ 1979 ਨੂੰ ਅੰਤਿਮ ਸਾਹ ਲਿਆ। ਉਸਦੀ ਯਾਦ ਵਿੱਚ ਝਾਂਸੀ ਵਿੱਚ ਇਕ ਸਪੋਰਟਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਅਤੇ ਉਸਦੇ ਬੁੱਤ ਦੀ ਸਥਾਪਨਾ ਕੀਤੀ ਗਈ।


‘ਰਾਸ਼ਟਰੀ ਖੇਡ ਦਿਵਸ’
ਸਾਲ 2012 ਤੋਂ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਮੇਜਰ ਧਿਆਨ ਚੰਦ ਦੇ ਜਨਮ ਦਿਵਸ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਵੇਗਾ। ਹਰੇਕ ਸਾਲ ਇਸ ਦਿਨ ਭਾਰਤ ਦੇ ਰਾਸ਼ਟਰਪਤੀ, ਚੁਣੇ ਹੋਏ ਖਿਡਾਰੀਆਂ ਅਤੇ ਕੋਚਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਜੀਵ ਗਾਂਧੀ ਖ਼ੇਲ ਰਤਨ ਐਵਾਰਡ, ਅਰਜੁਨ ਐਵਾਰਡ ਅਤੇ ਦਰੋਣਾਚਾਰੀਆ ਐਵਾਰਡਾਂ ਆਦਿ ਨਾਲ ਸਨਮਾਨਿਤ ਕਰਦੇ ਹਨ?। 2002 ਤੋਂ ਧਿਆਨ ਚੰਦ ਐਵਾਰਡ ਵੀ ਸ਼ੁਰੂ ਕੀਤਾ ਗਿਆ ਹੈ, ਉਸ ਸਖ਼ਸ਼ੀਅਤ ਲਈ ਜਿਸਦਾ ਕਿਸੇ ਖੇਡ ਨੂੰ ਸਮੁੱਚੀ ਜ਼ਿੰਦਗੀ ਦਾ ਸਮਰਪਣ ਹੋਵੇ।