IPL 2025: ਰਿੱਕੀ ਪੋਂਟਿੰਗ ਬਣੇ ਪੰਜਾਬ ਕਿੰਗਜ਼ ਦੇ ਨਵੇਂ ਮੁੱਖ ਕੋਚ ਨਿਯੁਕਤ
IPL 2025: ਆਈਪੀਐਲ 2025 ਲਈ ਆਸਟ੍ਰੇਲੀਆਈ ਦਿੱਗਜ ਸਾਬਕਾ ਕ੍ਰਿਕਟਰ ਰਿੱਕੀ ਪੋਂਟਿੰਗ ਨੂੰ ਪੰਜਾਬ ਕਿੰਗਜ਼ ਨੇ ਅਧਿਕਾਰਤ ਤੌਰ `ਤੇ ਨਵਾਂ ਹੈਡ ਕੋਚ ਨਿਯੁਕਤ ਕੀਤਾ ਗਿਆ ਹੈ।
IPL 2025: ਪੰਜਾਬ ਕਿੰਗਜ਼ ਨੇ ਆਈਪੀਐਲ 2025 ਲਈ ਆਸਟ੍ਰੇਲੀਆਈ ਦਿੱਗਜ ਸਾਬਕਾ ਕ੍ਰਿਕਟਰ ਰਿੱਕੀ ਪੋਂਟਿੰਗ ਨੂੰ ਅਧਿਕਾਰਤ ਤੌਰ 'ਤੇ ਨਵਾਂ ਹੈਡ ਕੋਚ ਨਿਯੁਕਤ ਕੀਤਾ ਗਿਆ ਹੈ। ਜੁਲਾਈ ਵਿੱਚ ਪੋਂਟਿੰਗ ਦਾ ਦਿੱਲੀ ਕੈਪੀਟਲਜ਼ ਦੇ ਨਾਲ ਸੱਤ ਸਾਲਾਂ ਦਾ ਕਾਰਜਕਾਲ ਸਮਾਪਤ ਹੋ ਗਿਆ ਜਦੋਂ ਫ੍ਰੈਂਚਾਇਜ਼ੀ ਆਈਪੀਐਲ 2024 ਪਲੇਆਫ ਵਿੱਚ ਦਾਖਲ ਹੋਣ ਵਿੱਚ ਅਸਫਲ ਰਹੀ।
ਪੋਂਟਿੰਗ ਹੁਣ PBKS ਲਈ ਸੱਤ ਸੀਜ਼ਨਾਂ ਵਿੱਚ ਛੇਵਾਂ ਮੁੱਖ ਕੋਚ ਬਣ ਗਏ ਹਨ ਜੋ 2024 ਦੇ ਆਈਪੀਐਲ ਸੀਜ਼ਨ ਵਿੱਚ ਨੌਵੇਂ ਸਥਾਨ 'ਤੇ ਰਿਹਾ ਸੀ। ਪੋਂਟਿੰਗ ਹੁਣ ਟ੍ਰੇਵਰ ਬੇਲਿਸ ਦੀ ਜਗ੍ਹਾ ਲੈਣਗੇ ਜੋ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕੋਚ ਬਣੇ ਹੋਏ ਸਨ। ਹੁਣ ਉਨ੍ਹਾਂ ਨੇ ਪੰਜਾਬ ਕਿੰਗਜ਼ ਫ੍ਰੈਂਚਾਇਜ਼ੀ ਨਾਲ 4 ਸਾਲ ਦਾ ਕਰਾਰ ਕੀਤਾ ਹੈ ਜੋ 2028 'ਚ ਖਤਮ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ "ਮੈਂ ਪੰਜਾਬ ਕਿੰਗਜ਼ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਹੈੱਡ ਕੋਚ ਬਣਨ ਦਾ ਮੌਕਾ ਦਿੱਤਾ ਗਿਆ। ਮੈਂ ਨਵੀਂ ਚੁਣੌਤੀ ਦਾ ਸਾਹਮਣਾ ਕਰਨ ਲਈ ਉਤਸ਼ਾਹਿਤ ਹਾਂ।
ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਕਿੰਗਜ਼ ਦੇ ਕੋਚਿੰਗ ਤੇ ਸਪੋਰਟ ਸਟਾਫ ਦਾ ਪੂਰਾ ਕੰਟਰੋਲ ਰਿਕੀ ਪੋਂਟਿੰਗ ਦੇ ਹੱਥਾਂ 'ਚ ਦਿੱਤਾ ਜਾ ਸਕਦਾ ਹੈ। ਪਰ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਪੁਰਾਣੇ ਕੋਚਿੰਗ ਸਟਾਫ 'ਤੇ ਕੀ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਪੁਰਾਣੇ ਕੋਚਿੰਗ ਸਟਾਫ ਵਿੱਚ ਟ੍ਰੇਵਰ ਬੇਲਿਸ (ਮੁੱਖ ਕੋਚ), ਸੰਜੇ ਬੰਗੜ (ਕ੍ਰਿਕਟ ਵਿਕਾਸ ਦੇ ਮੁਖੀ), ਚਾਰਲ ਲੈਂਗਵੇਲਡ (ਫਾਸਟ ਗੇਂਦਬਾਜ਼ੀ ਕੋਚ) ਅਤੇ ਸੁਨੀਲ ਜੋਸ਼ੀ (ਸਪਿਨ ਗੇਂਦਬਾਜ਼ੀ ਕੋਚ) ਸ਼ਾਮਲ ਸਨ।
ਇਹ ਵੀ ਧਿਆਨ ਦੇਣ ਯੋਗ ਹੈ ਕਿ ਪੰਜਾਬ ਨੇ ਪਿਛਲੇ 7 ਸੀਜ਼ਨਾਂ ਵਿੱਚ 6 ਕੋਚ ਬਦਲੇ ਹਨ। ਪੰਜਾਬ ਕਿੰਗਜ਼ ਦੇ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਇਹ ਟੀਮ ਲੀਗ ਪੜਾਅ 'ਚ 14 ਮੈਚ ਖੇਡਣ ਤੋਂ ਬਾਅਦ ਸਿਰਫ ਪੰਜ ਮੌਕਿਆਂ 'ਤੇ ਹੀ ਜਿੱਤ ਦਰਜ ਕਰ ਸਕੀ ਸੀ। ਪੰਜਾਬ ਅੰਕ ਸੂਚੀ ਵਿੱਚ ਹੇਠਲੇ ਸਥਾਨ ਤੋਂ ਦੂਜੇ ਸਥਾਨ ਉਤੇ ਰਿਹਾ।
ਪੰਜਾਬ ਦਾ ਪਲੇਆਫ ਦੇ ਨੇੜੇ ਆ ਕੇ ਖਿਤਾਬ ਦੀ ਦੌੜ ਤੋਂ ਬਾਹਰ ਹੋਣ ਦਾ ਲੰਬਾ ਇਤਿਹਾਸ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ 17 ਸੀਜ਼ਨ ਬੀਤ ਚੁੱਕੇ ਹਨ ਪਰ ਇਸ ਟੀਮ ਦਾ ਖਿਤਾਬ ਦਾ ਸੋਕਾ ਖਤਮ ਨਹੀਂ ਹੋ ਰਿਹਾ ਹੈ। ਹੁਣ ਪੰਜਾਬ ਨੂੰ ਪਹਿਲੀ ਵਾਰ ਆਈਪੀਐਲ ਚੈਂਪੀਅਨ ਬਣਾਉਣ ਦੀ ਜ਼ਿੰਮੇਵਾਰੀ ਰਿਕੀ ਪੋਂਟਿੰਗ 'ਤੇ ਹੋਵੇਗੀ।