Operation Ajay: ਇਜ਼ਰਾਈਲ `ਚ ਫਸੇ 212 ਭਾਰਤੀਆਂ ਦੀ ਹੋਈ ਘਰ ਵਾਪਸੀ
Israel-Palestine latest news: ਕੇਂਦਰੀ ਮੰਤਰੀ ਨੇ ਯਾਤਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਹਰੇਕ ਭਾਰਤੀ ਦੀ ਸੁਰੱਖਿਆ ਲਈ ਭਾਰਤ ਦੀ ਵਚਨਬੱਧਤਾ ਅਟੱਲ ਹੈ।
Israel-Palestine War latest news: ਇਜ਼ਰਾਈਲ ਅਤੇ ਫਿਲਿਸਤਿਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਇਜ਼ਰਾਈਲ ਵਿੱਚ ਫਸੇ ਭਾਰਤੀਆਂ ਲਈ ਭਾਰਤ ਸਰਕਾਰ ਵੱਲੋਂ 'ਓਪਰੇਸ਼ਨ ਅਜੇ' ਸ਼ੁਰੂ ਕੀਤਾ ਗਿਆ ਹੈ ਜਿਸਦੇ ਤਹਿਤ ਪਹਿਲੇ ਜੱਥੇ ਨੂੰ ਲੈ ਕੇ ਇੱਕ ਫਲਾਈਟ ਸ਼ੁੱਕਰਵਾਰ ਸਵੇਰੇ ਨਵੀਂ ਦਿੱਲੀ ਪਹੁੰਚੀ। ਇਸ ਦੌਰਾਨ ਇਜ਼ਰਾਈਲ ਤੋਂ ਆਏ ਭਾਰਤੀ ਨਾਗਰਿਕਾਂ ਦੇ ਸਵਾਗਤ ਲਈ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਹਵਾਈ ਅੱਡੇ 'ਤੇ ਮੌਜੂਦ ਸਨ।
ਚੰਦਰਸ਼ੇਖਰ ਨੇ ਹੱਥ ਜੋੜ ਕੇ ਵਾਪਸ ਪਰਤੇ ਭਾਰਤੀਆਂ ਦਾ ਸਵਾਗਤ ਕੀਤਾ ਅਤੇ ਬਾਅਦ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਕੇਂਦਰੀ ਮੰਤਰੀ ਨੇ ਯਾਤਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਹਰੇਕ ਭਾਰਤੀ ਦੀ ਸੁਰੱਖਿਆ ਲਈ ਭਾਰਤ ਦੀ ਵਚਨਬੱਧਤਾ ਅਟੱਲ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ਸੁਰੱਖਿਆ ਲਈ ਦ੍ਰਿੜ ਹਨ।
ਉਨ੍ਹਾਂ ਅੱਗੇ ਕਿਹਾ ਕਿ "ਸਾਡੀ ਸਰਕਾਰ ਕਦੇ ਵੀ ਕਿਸੇ ਵੀ ਭਾਰਤੀ ਨੂੰ ਪਿੱਛੇ ਨਹੀਂ ਛੱਡੇਗੀ। ਸਾਡੀ ਸਰਕਾਰ, ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਦੀ ਸੁਰੱਖਿਆ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਦ੍ਰਿੜ ਹਨ। ਅਸੀਂ ਇਸ ਨੂੰ ਸੰਭਵ ਬਣਾਉਣ ਲਈ ਅਤੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਅਤੇ ਚੰਗੀ ਤਰ੍ਹਾਂ ਘਰ ਵਾਪਸ ਲਿਆਉਣ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਘਰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਦੀ ਟੀਮ ਦੇ ਧੰਨਵਾਦੀ ਹਾਂ।"
ਇਸ ਦੌਰਾਨ ਇਜ਼ਰਾਈਲ ਤੋਂ ਵਾਪਸ ਆਏ ਇੱਕ ਭਾਰਤੀ ਨਾਗਰਿਕ ਨੇ ਏਐਨਆਈ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਉੱਥੇ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ "ਅਸੀਂ ਭਾਰਤ ਸਰਕਾਰ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਨੂੰ ਵਾਪਸ ਲਿਆਉਣ ਲਈ ਬਹੁਤ ਧੰਨਵਾਦੀ ਹਾਂ। ਅਸੀਂ ਸ਼ਾਂਤੀ ਦੀ ਉਮੀਦ ਕਰ ਰਹੇ ਹਾਂ।"
ਭਾਰਤੀ ਯਾਤਰੀਆਂ ਦਾ ਪਹਿਲਾ ਜੱਥਾ ਵੀਰਵਾਰ ਨੂੰ ਓਪਰੇਸ਼ਨ ਅਜੇ ਦੇ ਤਹਿਤ ਤੇਲ ਅਵੀਵ ਤੋਂ ਭਾਰਤ ਲਈ ਰਵਾਨਾ ਹੋਇਆ। ਇਸ ਮੌਕੇ ਇਜ਼ਰਾਈਲ ਵਿੱਚ ਭਾਰਤੀ ਰਾਜਦੂਤ ਸੰਜੀਵ ਸਿੰਗਲਾ ਨੇ ਕਿਹਾ ਕਿ ਇਜ਼ਰਾਈਲ ਵਿੱਚ ਭਾਰਤੀ ਦੂਤਘਰ ਯੁੱਧਗ੍ਰਸਤ ਇਜ਼ਰਾਈਲ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਅਤੇ ਦੱਸਿਆ ਕਿ ਦੂਤਾਵਾਸ "ਅਪਰੇਸ਼ਨ ਅਜੇ" ਤਹਿਤ ਭਾਰਤੀਆਂ ਦੀ ਮਦਦ ਕਰੇਗਾ।
ਇਹ ਵੀ ਪੜ੍ਹੋ: India-Canada News: ਭਾਰਤ-ਕੈਨੇਡਾ ਤਲਖੀ ਵਿਚਾਲੇ ਕੈਨੇਡੀਅਨ ਸਪੀਕਰ ਨੇ ਲਿਆ 'ਵੱਡਾ ਫੈਸਲਾ'!