Hoshiarpur News: ਵਿਜੀਲੈਂਸ ਦੀ ਟੀਮ ਨੇ ਬਰਖ਼ਾਸਤ AIG ਆਸ਼ੀਸ਼ ਕਪੂਰ ਦੇ ਭਰਾ ਦੇ ਅਮਨ ਹਸਪਤਾਲ `ਤੇ ਕੀਤੀ ਰੇਡ
Hoshiarpur News: ਦੱਸ ਦੇਈਏ ਕਿ ਆਸ਼ੀਸ਼ ਕਪੂਰ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ `ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਇਲਾਵਾ ਉਨ੍ਹਾਂ `ਤੇ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਵੀ ਇਕ ਮਹਿਲਾ ਕੋਲੋਂ ਇਕ ਕਰੋੜ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਾ ਹੈ।
Hoshiarpur News: ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਸਾਬਕਾ ਏ. ਆਈ. ਜੀ. ਆਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ 'ਤੇ ਵਿਜੀਲੈਂਸ ਦੀ ਰੇਡ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਿਖੇ ਸਥਿਤ ਏ. ਆਈ. ਜੀ. ਆਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ ਅਮਨ ਹਸਪਤਾਲ ਵਿਚ ਵਿਜੀਲੈਂਸ ਦੀ ਰੇਡ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਵੱਲੋਂ ਕਾਫ਼ੀ ਸਬੂਤ ਖੰਗਾਲੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਆਸ਼ੀਸ਼ ਕਪੂਰ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਇਲਾਵਾ ਉਨ੍ਹਾਂ 'ਤੇ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਵੀ ਇਕ ਮਹਿਲਾ ਕੋਲੋਂ ਇਕ ਕਰੋੜ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਾ ਹੈ। ਇਕ ਕਰੋੜ ਦੇ ਰਿਸ਼ਵਤ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ ਏਆਈਜੀ ਆਸ਼ੀਸ਼ ਕਪੂਰ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿਚ ਉਹ ਜ਼ੀਰਕਪੁਰ ਥਾਣੇ 'ਚ ਇਕ ਔਰਤ ਨੂੰ ਥੱਪੜ ਮਾਰ ਰਹੇ ਹਨ। ਇਹ ਉਹੀ ਔਰਤ ਸੀ, ਜਿਸ ਨੇ ਕਪੂਰ 'ਤੇ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦਾ ਮਾਮਲਾ ਦਰਜ ਕਰਵਾਇਆ ਸੀ।
ਸਾਲ 2018 'ਚ ਸਾਬਕਾ ਏ. ਆਈ. ਜੀ. ਆਸ਼ੀਸ਼ ਕਪੂਰ 'ਤੇ ਜਾਅਲਸਾਜ਼ੀ ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ, ਜਿਸ 'ਚ ਦੋ ਔਰਤਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੂੰ ਚੈੱਕ 'ਤੇ ਦਸਤਖ਼ਤ ਕਰਵਾ ਕੇ ਬੈਂਕ 'ਚੋਂ ਇਕ ਕਰੋੜ ਰੁਪਏ ਕਢਵਾ ਲਏ ਸਨ। ਕਪੂਰ ਤੋਂ ਇਲਾਵਾ ਡੀ. ਐੱਸ. ਪੀ. ਪਵਨ ਕੁਮਾਰ ਅਤੇ ਏ. ਐੱਸ. ਆਈ. ਹਰਜਿੰਦਰ ਸਿੰਘ ਖ਼ਿਲਾਫ਼ ਵੀ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਵਿਜੀਲੈਂਸ ਨੇ 6 ਅਕਤੂਬਰ 2022 ਨੂੰ ਕਪੂਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਆਸ਼ੀਸ਼ ਕਪੂਰ 'ਤੇ ਇਕ ਔਰਤ ਨਾਲ ਜਬਰ-ਜ਼ਿਨਾਹ ਅਤੇ ਜਬਰਨ ਵਸੂਲੀ ਦੇ ਦੋਸ਼ ਵੀ ਹਨ। ਔਰਤ ਨੇ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਫਰਾਡ ਨਾਲ ਜੁੜੇ ਇਕ ਮਾਮਲੇ 'ਚ ਜੇਲ੍ਹ 'ਚ ਬੰਦ ਸੀ। ਕਪੂਰ ਉਸ ਸਮੇਂ ਅੰਮ੍ਰਿਤਸਰ ਜੇਲ੍ਹ ਸੁਪਰਡੈਂਟ ਸਨ। ਜੇਲ੍ਹ 'ਚ ਆਪਣੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਜਬਰਨ ਸਰੀਰਕ ਸੰਬੰਧ ਬਣਾਏ। ਇਸ ਤੋਂ ਬਾਅਦ ਕਪੂਰ ਨੇ ਮਾਤਾ ਰਾਣੀ ਦੀ ਫੋਟੋ ਸਾਹਮਣੇ ਔਰਤ ਨਾਲ ਵਿਆਹ ਕਰਵਾ ਲਿਆ।
ਜਬਰ-ਜ਼ਿਨਾਹ ਤੋਂ ਬਾਅਦ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਨ੍ਹਾਂ ਦੀ ਜ਼ਮਾਨਤ ਕਰਵਾ ਦਿੱਤੀ ਤਾਂ ਕਿ ਇਹ ਗੱਲ ਸਾਹਮਣੇ ਨਾ ਆਵੇ। ਔਰਤ ਨੇ ਦੋਸ਼ ਲਾਇਆ ਸੀ ਕਿ ਕਪੂਰ ਨੇ ਹੀ ਮਈ 2018 'ਚ ਜ਼ੀਰਕਪੁਰ ਥਾਣੇ 'ਚ ਉਸ ਨੂੰ ਝੂਠੇ ਇਮੀਗ੍ਰੇਸ਼ਨ ਕੇਸ 'ਚ ਫਸਾਇਆ ਸੀ। ਕਪੂਰ ਨੇ ਔਰਤ ਨੂੰ ਆਪਣਾ ਕ੍ਰੈਡਿਟ ਕਾਰਡ ਵੀ ਦਿੱਤਾ ਸੀ ਅਤੇ ਉਸ ਲਈ ਘਰ ਖ਼ਰੀਦਣ ਦਾ ਵਾਅਦਾ ਕੀਤਾ ਸੀ। ਔਰਤ ਨੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਰੀਬ 24 ਲੱਖ ਦੀ ਖ਼ਰੀਦਦਾਰੀ ਕੀਤੀ ਸੀ।