Chandigarh Mayor Election: ਹਾਈਕੋਰਟ ਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ, 6 ਫਰਵਰੀ ਬਹੁਤ ਦੂਰ, ਚੋਣ ਲਈ ਕੱਲ੍ਹ ਤੱਕ ਨਵੀਂ ਤਰੀਕ ਦੱਸੋ
Chandigarh Mayor Election: ਦੋਵੇਂ ਪਟੀਸ਼ਨਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਟੀਟਾ ਦੀ ਤਰਫੋਂ ਦਾਇਰ ਕੀਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਚੋਣਾਂ ਜਲਦੀ ਹੋਣ।
Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ ਸਬੰਧੀ ਦੋ ਪਟੀਸ਼ਨਾਂ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ ਲਗਾਉਦੇ ਹੋਏ ਕਿਹਾ ਕਿ ਚੋਣਾਂ ਲਈ 6 ਫਰਵਰੀ ਕਾਫੀ ਲੰਬਾ ਵਕਤ ਹੈ। ਭਲਕੇ ਯਾਨੀ 24 ਜਨਵਰੀ ਨੂੰ ਚੋਣਾਂ ਦੇ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿਓ ਕਦੋਂ ਚੋਣਾਂ ਹੋਣਗੀਆਂ। ਨਹੀਂ ਤਾਂ ਅਸੀਂ ਚੋਣਾਂ ਦੀ ਤਰੀਕ ਤੈਅ ਕਰਾਂਗੇ। ਹੁਣ ਹਾਈ ਕੋਰਟ ਵਿੱਚ 24 ਜਨਵਰੀ ਨੂੰ ਮੁੜ ਸੁਣਵਾਈ ਹੋਵੇਗੀ।
ਦੱਸ ਦੇਈਏ ਕਿ ਇਹ ਦੋਵੇਂ ਪਟੀਸ਼ਨਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਟੀਟਾ ਦੀ ਤਰਫੋਂ ਦਾਇਰ ਕੀਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਚੋਣਾਂ ਜਲਦੀ ਹੋਣ।
19 ਜਨਵਰੀ ਨੂੰ ਅਦਾਲਤੀ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ 6 ਫਰਵਰੀ ਨੂੰ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਦਿੱਤਾ ਸੀ। ਇਸ ਸਬੰਧੀ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਅਮਨ-ਕਾਨੂੰਨ ਵਿਗੜਨ ਦੇ ਡਰ ਕਾਰਨ ਇਹ ਚੋਣ ਮੁਲਤਵੀ ਕੀਤੀ ਗਈ ਹੈ। ਜੋ ਕਿ 6 ਫਰਵਰੀ ਨੂੰ ਮੁੜ ਕਰਵਾਈ ਜਾਵੇਗੀ। 22 ਜਨਵਰੀ ਨੂੰ ਰਾਮਲਲਾ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਹੋਏ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਹੋਣ ਦੇ ਕਾਰਨ ਸੁਰੱਖਿਆ ਦਾ ਅਲਰਟ ਹੈ| ਇਸ ਲਈ ਪ੍ਰਸ਼ਾਸਨ ਹੁਣ ਇਹ ਚੋਣ ਨਹੀਂ ਕਰਵਾ ਸਕਦਾ।
ਪਿਛਲੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟਿੱਪਣੀ ਕੀਤੀ ਸੀ ਕਿ 6 ਫਰਵਰੀ ਬਹੁਤ ਲੰਬੀ ਤਰੀਕ ਹੈ। ਇਸ ਤੋਂ ਪਹਿਲਾਂ ਚੋਣਾਂ ਹੋਣੀਆਂ ਚਾਹੀਦੀਆਂ ਹਨ। 6 ਫਰਵਰੀ ਇੱਕ ਲੰਮਾ ਸਮਾਂ ਹੈ। ਚੋਣਾਂ ਦੀ ਤਰੀਕ 26 ਜਨਵਰੀ ਤੋਂ ਬਾਅਦ ਕਿਸੇ ਵੀ ਸਮੇਂ ਤੈਅ ਕੀਤੀ ਜਾਣੀ ਚਾਹੀਦੀ ਹੈ।
ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ, ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਹੋਣੀਆਂ ਸਨ। ਇਸ ਸਬੰਧੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਕੁਮਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪਰ 16 ਜਨਵਰੀ ਨੂੰ ਕਾਂਗਰਸ ਦੇ ਮੇਅਰ ਅਹੁਦੇ ਦੇ ਉਮੀਦਵਾਰ ਜਸਵੀਰ ਸਿੰਘ ਬੰਟੀ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਸਮੇਂ ਹੰਗਾਮਾ ਹੋ ਗਿਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਨਿਯੁਕਤ ਚੋਣ ਅਧਿਕਾਰੀ ਅਚਾਨਕ ਬਿਮਾਰ ਹੋ ਗਿਆ। ਇਸ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਭਾਰੀ ਹੰਗਾਮਾ ਕੀਤਾ ਗਿਆ। ਇਸ ਤੋਂ ਬਾਅਦ ਹੀ ਇਹ ਦੋਵੇਂ ਪਟੀਸ਼ਨਾਂ ਅਦਾਲਤ ਵਿੱਚ ਦਾਇਰ ਕੀਤੀਆਂ ਗਈਆਂ ਹਨ।