Machhiwara News: ਝਾੜੀਆਂ `ਚੋਂ ਲਾਸ਼ ਬਰਾਮਦ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਖ਼ਦਸ਼ਾ
Machhiwara News: ਦੇਰ ਰਾਤ ਮਾਛੀਵਾੜਾ ਸਾਹਿਬ ਦੀ ਕਲੋਨੀ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।
Machhiwara News: ਮਾਛੀਵਾੜਾ ਸਾਹਿਬ ਵਿੱਚ ਸੋਮਵਾਰ ਦੇਰ ਰਾਤ ਜੀ-2 ਅਸਟੇਟ ਕਾਲੋਨੀ ਦੇ ਸੁੰਨਸਾਨ ਇਲਾਕੇ ਵਿੱਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਕੋਲ ਪਈ ਸ਼ਰਿੰਜ ਤੋਂ ਇਹ ਲੱਗ ਰਿਹਾ ਸੀ ਕਿ ਇਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਮ੍ਰਿਤਕ ਦੀ ਪਛਾਣ ਸੁਖਅੰਮ੍ਰਿਤ ਸਿੰਘ (23) ਵਾਸੀ ਰੂੜੇਵਾਲ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੀ-2 ਅਸਟੇਟ ਕਾਲੋਨੀ ਦੇ ਅਖੀਰ ਵਿੱਚ ਸੁੰਨਸਾਨ ਥਾਂ ’ਤੇ ਉੱਥੋਂ ਲੰਘਦੇ ਇੱਕ ਵਿਅਕਤੀ ਨੇ ਮੋਟਰਸਾਈਕਲ ਖੜ੍ਹਾ ਦੇਖਿਆ ਤੇ ਨਾਲ ਹੀ ਇੱਕ ਨੌਜਵਾਨ ਝਾੜੀਆਂ ਵਿੱਚ ਡਿੱਗਿਆ ਪਿਆ ਸੀ। ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ’ਤੇ ਤੁਰੰਤ ਥਾਣਾ ਮੁਖੀ ਡੀਐੱਸਪੀ ਮਨਦੀਪ ਕੌਰ ਨੇ ਮੌਕੇ ’ਤੇ ਪੁੱਜੇ ਜਿਨ੍ਹਾਂ ਜਾਂਚ ਦੌਰਾਨ ਦੇਖਿਆ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਤੇ ਉਸਦੀ ਜੇਬ ਵਿਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਉਸਦੀ ਪਛਾਣ ਸੁਖਅੰਮ੍ਰਿਤ ਸਿੰਘ ਵਾਸੀ ਰੂੜੇਵਾਲ ਵਜੋਂ ਹੋਈ।
ਮ੍ਰਿਤਕ ਨੌਜਵਾਨ ਦੀ ਲਾਸ਼ ਕੋਲ ਹੀ ਸ਼ਰਿੰਜ ਪਈ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਓਵਰਡੋਜ਼ ਨਾਲ ਉਸ ਦੀ ਮੌਤ ਹੋਈ ਹੈ। ਮ੍ਰਿਤਕ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਤੇ ਨੱਕ ’ਚੋਂ ਖ਼ੂਨ ਵੀ ਵਹਿ ਰਿਹਾ ਸੀ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Opposition Meeting News: ਨਵੇਂ ਗਠਜੋੜ ਦੀ ਚੇਅਰਪਰਸਨ ਲਈ ਸਾਹਮਣੇ ਆ ਰਿਹਾ ਸੋਨੀਆ ਗਾਂਧੀ ਦਾ ਨਾਮ
ਪੁਲਿਸ ਅਧਿਕਾਰੀ ਅਨੁਸਾਰ ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਇਸ ਸੁੰਨਸਾਨ ਇਲਾਕੇ ਵਿਚ ਇਕੱਲਾ ਨਸ਼ਾ ਕਰਨ ਆਇਆ ਸੀ ਜਾਂ ਇਸ ਦੇ ਨਾਲ ਕੋਈ ਹੋਰ ਸਾਥੀ ਵੀ ਸਨ। ਮਾਛੀਵਾੜਾ ਇਲਾਕੇ ਵਿੱਚ ਬੇਸ਼ੱਕ ਨਸ਼ਿਆਂ ਨੂੰ ਨੱਥ ਪਾਉਣ ਲਈ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਵੀ ਇਹ ਵਿਕਦਾ ਨਸ਼ਾ ਨੌਜਵਾਨੀ ਦੀ ਜਾਨ ਲੈ ਰਿਹਾ ਹੈ।
ਇਹ ਵੀ ਪੜ੍ਹੋ : Punjab Flood 2023: ਹੜ੍ਹਾਂ ਕਰਕੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ!
ਮਾਛੀਵਾੜਾ ਤੋਂ ਵਰੁਣ ਕੌਸ਼ਲ ਦੀ ਰਿਪੋਰਟ