Khanna Crime News: ਖੰਨਾ ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਚਾਰ ਪਿਸਤੌਲ ਬਰਾਮਦ ਹੋਏ। ਮੱਧ ਪ੍ਰਦੇਸ਼ ਦਾ ਇੱਕ ਨੌਜਵਾਨ ਮਾਸਟਰਮਾਈਂਡ ਨਿਕਲਿਆ, ਜੋ ਬੀਐਸਸੀ ਸੈਕਿੰਡ ਦਾ ਵਿਦਿਆਰਥੀ ਹੈ। ਚਾਰ ਮੁਲਜ਼ਮ ਪੰਜਾਬ ਤੇ ਇੱਕ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ।


COMMERCIAL BREAK
SCROLL TO CONTINUE READING

ਪੰਜਾਂ ਦੀ ਉਮਰ 18 ਤੋਂ 20 ਸਾਲ ਹੈ। ਉਹ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਤੇ ਇੱਕ ਹਥਿਆਰ ਸਪਲਾਈ ਕਰਨ ਵਾਲਾ ਗਿਰੋਹ ਬਣਾਇਆ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਇਨਵੈਸਟੀਗੇਸ਼ਨ) ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠ ਦੋਰਾਹਾ ਵਿੱਚ ਨਾਕਾਬੰਦੀ ਕੀਤੀ ਗਈ ਸੀ। ਇੱਥੇ ਤਰਨਤਾਰਨ ਦੇ ਪਿੰਡ ਪ੍ਰਿੰਗੜੀ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਅੰਮ੍ਰਿਤਸਰ ਦੀ ਬਾਬਾ ਦੀਪ ਸਿੰਘ ਕਾਲੋਨੀ ਵਾਸੀ  ਦਲਜੀਤ ਸਿੰਘ, ਜਸ਼ਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।


ਉਨ੍ਹਾਂ ਕੋਲੋਂ ਇੱਕ ਨਾਜਾਇਜ਼ ਪਿਸਤੌਲ ਮਿਲਿਆ ਜੋ ਕਿ ਬੈਗ ਵਿੱਚ ਲੁਕੋਇਆ ਹੋਇਆ ਸੀ। ਇਸ ਨੈਟਵਰਕ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀਐਸਪੀ (ਆਈ) ਪਵਨਜੀਤ ਚੌਧਰੀ, ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ। ਰਿਮਾਂਡ ਦੌਰਾਨ ਇਨ੍ਹਾਂ ਚਾਰਾਂ ਮੁਲਜ਼ਮਾਂ ਕੋਲੋਂ ਅਹਿਮ ਸੁਰਾਗ ਮਿਲੇ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੇ ਬਿੰਡ ਜ਼ਿਲ੍ਹੇ ਦੇ ਪਿੰਡ ਖੈਰੋਲੀ ਦੇ ਵਸਨੀਕ ਵਪਿੰਦਰ ਸਿੰਘ ਕੋਲੋਂ ਹਥਿਆਰ ਲੈ ਕੇ ਆਏ ਸਨ। ਅਦਾਲਤ ਤੋਂ ਵਪਿੰਦਰ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਪੁਲਿਸ ਨੇ ਮੱਧ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੀ, ਉਥੇ ਵਪਿੰਦਰ ਨੂੰ ਗ੍ਰਿਫ਼ਤਾਰ ਕਰਕੇ 3 ਪਿਸਤੌਲ ਬਰਾਮਦ ਕੀਤੇ ਗਏ।


ਬੀਐਸਸੀ ਵਿਦਿਆਰਥੀ ਮਾਸਟਰਮਾਈਂਡ


ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਵਪਿੰਦਰ ਸਿੰਘ ਬੀਐਸਸੀ ਸੈਕਿੰਡ ਦਾ ਵਿਦਿਆਰਥੀ ਹੈ ਤੇ ਬਾਲਾਜੀ ਕਾਲਜ ਵਿੱਚ ਪੜ੍ਹਦਾ ਹੈ। ਆਪਣੀ ਪੜ੍ਹਾਈ ਦੌਰਾਨ ਉਹ ਆਪਣੇ ਸਾਥੀਆਂ ਦੀ ਮਾੜੀ ਸੰਗਤ ਵਿੱਚ ਪੈ ਗਿਆ ਤੇ ਇੱਕ ਹਥਿਆਰਾਂ ਦਾ ਸਪਲਾਇਰ ਬਣ ਗਿਆ। ਪਹਿਲਾਂ ਉਹ ਖੁਦ ਦੂਜਿਆਂ ਦੇ ਕਹਿਣ 'ਤੇ ਹਥਿਆਰ ਸਪਲਾਈ ਕਰਦਾ ਸੀ ਤੇ ਹੁਣ ਆਪਣਾ ਗਿਰੋਹ ਖੜ੍ਹਾ ਕਰ ਰਿਹਾ ਸੀ। ਉਹ ਇੰਦੌਰ ਤੋਂ ਗੈਰ-ਕਾਨੂੰਨੀ ਹਥਿਆਰ ਖ਼ਰੀਦ ਕੇ ਪੰਜਾਬ 'ਚ ਮਹਿੰਗੇ ਭਾਅ 'ਤੇ ਵੇਚਦਾ ਸੀ।


ਹਥਿਆਰਾਂ ਦੀ ਸਪਲਾਈ ਦਾ ਸੋਸ਼ਲ ਨੈਟਵਰਕ


ਇਸ ਗਿਰੋਹ ਦੇ ਪਰਦਾਫਾਸ਼ ਹੋਣ ਨਾਲ ਹਥਿਆਰਾਂ ਦੀ ਸਪਲਾਈ ਦਾ ਸੋਸ਼ਲ ਨੈੱਟਵਰਕ ਸਾਹਮਣੇ ਆਇਆ। ਪੰਜਾਬ ਵਿੱਚ ਰਹਿੰਦੇ ਬਿਕਰਮਜੀਤ ਸਿੰਘ ਦੀ ਸੋਸ਼ਲ ਮੀਡੀਆ ਰਾਹੀਂ ਵਪਿੰਦਰ ਸਿੰਘ ਨਾਲ ਜਾਣ-ਪਛਾਣ ਹੋਈ। ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਦੋਵਾਂ 'ਚ ਸੌਦਾ ਹੋਇਆ ਸੀ। ਬਿਕਰਮਜੀਤ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਵਪਿੰਦਰ ਤੋਂ ਹਥਿਆਰ ਲਏ ਤੇ ਅੱਗੇ ਪੰਜਾਬ ਵਿੱਚ ਸਪਲਾਈ ਕਰਨ ਲੱਗੇ। ਹੁਣ ਤੱਕ ਕਿੰਨੇ ਹਥਿਆਰ ਤੇ ਕਿੱਥੇ ਸਪਲਾਈ ਕੀਤੇ ਗਏ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।


ਨੌਜਵਾਨ ਪੀੜ੍ਹੀ ਨੂੰ ਐਸਐਸਪੀ ਦੀ ਅਪੀਲ 


ਐਸਐਸਪੀ ਅਮਨੀਤ ਕੌਂਡਲ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਦੇਖਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਸੋਸ਼ਲ ਮੀਡੀਆ 'ਤੇ ਗੁੰਮਰਾਹ ਕਰਕੇ ਅਤੇ ਉਨ੍ਹਾਂ ਨੂੰ ਲਾਲਚ ਦੇ ਕੇ ਅਪਰਾਧ ਦੀ ਦੁਨੀਆ 'ਚ ਲਿਆਂਦਾ ਜਾ ਰਿਹਾ ਹੈ। ਅਜਿਹੇ ਨੌਜਵਾਨਾਂ ਨੂੰ ਅੱਗੇ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਭਵਿੱਖ ਖ਼ਰਾਬ ਹੋ ਜਾਂਦਾ ਹੈ। ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ। ਖਾਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ।


ਇਹ ਵੀ ਪੜ੍ਹੋ : Moga News: ਚਿੱਟੇ ਦੀ ਲਤ 'ਚ ਧਸੀਆਂ ਲੜਕੀਆਂ ਨਸ਼ੇ ਦੀ ਪੂਰਤੀ ਲਈ ਦੇਹ ਵਪਾਰ ਦਾ ਧੰਦਾ ਅਪਣਾਉਣ ਲਈ ਮਜਬੂਰ