Anandpur Sahib(ਬਿਮਲ ਕੁਮਾਰ): ਕੇਂਦਰ ਸਰਕਾਰ ਵੱਲੋਂ ਚਲਾਈ ਗਈ ਪੰਜ ਤਖਤਾਂ ਲਈ ਸਪੈਸ਼ਲ ਟ੍ਰੇਨ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੀ। ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸਮੇਤ ਇਲਾਕੇ ਦੀ ਸਮੁੱਚੀ ਸੰਗਤ ਨੇ ਬੜੇ ਸ਼ਾਨਦਾਰ ਦੇ ਭਰਵੇ ਤਰੀਕੇ ਨਾਲ ਸੰਗਤ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜਣ ਤੇ ਸਵਾਗਤ ਕੀਤਾ।


COMMERCIAL BREAK
SCROLL TO CONTINUE READING

ਬੇਸ਼ੱਕ ਇਹ ਟਰੇਨ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰ ਬਾਅਦ ਇੱਥੇ ਪੁੱਜੀ ਪਰੰਤੂ ਸੰਗਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਸਟੇਸ਼ਨ 'ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਅਤੇ ਫੁੱਲਾਂ ਦੀ ਵਰਖਾ ਕਰਕੇ ਬੈਂਡ ਵਾਜਿਆਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪਿਆਰਿਆਂ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਜੈਕਾਰਿਆਂ ਤੇ ਨਗਾਰਿਆਂ ਦੀ ਗੂੰਜ ਵਿੱਚ ਟਰੇਨ ਦੀ ਬੋਗੀ ਚੋਂ ਲਿਆ ਕੇ ਸੁੰਦਰ ਖੂਬਸੂਰਤ ਤਰੀਕੇ ਨਾਲ ਸਜਾਈ ਪਾਲਕੀ ਸਾਹਿਬ ਵਿੱਚ ਸ਼ੋਭਿਤ ਕੀਤਾ ਗਿਆ ਤੇ ਸਟੇਸ਼ਨ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਸਮੁੱਚੀ ਸੰਗਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੀ।


ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਵਿਸ਼ੇਸ਼ ਟ੍ਰੇਨ ਸਿੱਖ ਪੰਥ ਦੇ ਤਖਤਾਂ ਦੇ ਦਰਸ਼ਨ ਦੀਦਾਰਿਆਂ ਲਈ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ ਜਿਹੜੀ ਪਟਨਾ ਸਾਹਿਬ ਤੇ ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੀ। ਸੰਗਤ ਹਜੂਰ ਸਾਹਿਬ ਤੋਂ ਚੱਲ ਕੇ ਵੱਖ-ਵੱਖ ਤਖਤ ਸਾਹਿਬਾਨ ਦੇ ਦਰਸ਼ਨ ਕਰੇਗੀ ਅਤੇ ਵਾਪਸ ਹਜੂਰ ਸਾਹਿਬ ਪੁੱਜ ਕੇ ਇਹ ਯਾਤਰਾ ਸੰਪੰਨ ਹੋਵੇਗੀ।


ਇਸ ਮੌਕੇ ਤੇ ਟ੍ਰੇਨ ਵਿੱਚ ਬੈਠੀਆਂ ਸੰਗਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਉੱਥੇ ਹੀ ਜਿੱਥੋਂ-ਜਿੱਥੋਂ ਵੀ ਟ੍ਰੇਨ ਲੰਘ ਰਹੀ ਹੈ। ਉੱਥੇ-ਉੱਥੇ ਸੰਗਤ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਭਾਂਤ-ਭਾਂਤ ਦੇ ਲੰਗਰ ਤੇ ਭਾਂਤ-ਭਾਂਤ ਦੀਆਂ ਵਸਤਾਂ ਸੰਗਤਾਂ ਨੂੰ ਭੇਂਟ ਕੀਤੀਆਂ ਜਾ ਰਹੀਆਂ ਹਨ ਤੇ ਸੰਗਤਾਂ ਨੂੰ ਤਖ਼ਤ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਕੇ ਬੇਹਦ ਆਨੰਦ ਆ ਰਿਹਾ ਹੈ।