ਦਿੱਲੀ ’ਚ AAP ਦੀ ਸਰਕਾਰ ਡੇਗਣ ਲਈ ਭਾਜਪਾ ਦਾ ਚੱਕਰਵਿਊ!
CM ਅਰਵਿੰਦ ਕੇਜਰੀਵਾਲ ਵਲੋਂ ਸੱਦੀ ਗਈ ਬੈਠਕ ਤੋਂ ਬਾਅਦ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਸਥਿਤੀ ਸਪੱਸ਼ਟ ਕਰਦਿਆ ਕਿਹਾ ਕਿ ਸਾਰੇ ਵਿਧਾਇਕ ਇਕਜੁੱਟ ਹਨ ਤੇ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ।
ਚੰਡੀਗੜ੍ਹ: ਆਪ ਸੁਪਰੀਮੋ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ (Arvind Kejriwal) ਵਲੋਂ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਸੀ। ਬੈਠਕ ਤੋਂ ਬਾਅਦ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਸਥਿਤੀ ਸਪੱਸ਼ਟ ਕਰਦਿਆ ਕਿਹਾ ਕਿ ਸਾਰੇ ਵਿਧਾਇਕ ਇਕਜੁੱਟ ਹਨ ਤੇ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ।
12 ਵਿਧਾਇਕਾਂ ਨੂੰ ਪਾਰਟੀ ਛੱਡਣ ਲਈ ਭਾਜਪਾ ਨੇ ਦਿੱਤਾ ਆਫ਼ਰ: ਭਾਰਦਵਾਜ
ਇੱਥੇ ਦੱਸਣਾ ਬਣਦਾ ਹੈ ਕਿ ਦਿੱਲੀ ਦੀ 70 ਸੀਟਾਂ ਵਾਲੀ ਵਿਧਾਨ ਸਭਾ ’ਚ ਆਮ ਆਦਮੀ ਪਾਰਟੀ (Aam Aadmi Party) ਦੀਆਂ 62 ਅਤੇ ਭਾਜਪਾ ਦੀਆਂ 8 ਸੀਟਾਂ ਹਨ। ਆਪ ਦੇ ਬੁਲਾਰੇ ਭਾਰਦਵਾਜ ਨੇ ਦੱਸਿਆ ਕਿ ਜੋ ਵਿਧਾਇਕ ਬੈਠਕ ’ਚ ਹਾਜ਼ਰ ਨਹੀਂ ਹੋ ਸਕੇ, ਉਹ ਆਪੋ-ਆਪਣੇ ਕੰਮ ਲਈ ਬਾਹਰ ਗਏ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਭਾਜਪਾ (BJP) ਨੇ ਸਾਡੇ 12 ਵਿਧਾਇਕਾਂ ਨੂੰ ਪਾਰਟੀ ਛੱਡਣ ਲਈ ਆਫ਼ਰ ਦਿੱਤਾ ਹੈ।
1 ਵਿਧਾਇਕ ਨੂੰ 20 ਕਰੋੜ ਤੇ ਨਾਲ ਹੋਰ ਵਿਧਾਇਕ ਨੂੰ ਲਿਆਉਣ ’ਤੇ 25 ਕਰੋੜ
ਜ਼ਿਕਰਯੋਗ ਹੈ ਕਿ ਆਪ ਆਗੂ ਸੰਜੇ ਸਿੰਘ ਨੇ 'ਆਪ੍ਰੇਸ਼ਨ ਲੋਟਸ' ਨੂੰ ਲੈਕੇ ਖੁਲਾਸਾ ਕੀਤਾ ਸੀ। ਜਿਸ ’ਚ ਉਨ੍ਹਾਂ ਦੱਸਿਆ ਕਿ ਆਪ ਵਿਧਾਇਕਾਂ ਨੂੰ ਆਫ਼ਰ ਦਿੱਤਾ ਗਿਆ ਸੀ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਛੱਡਕੇ ਭਾਜਪਾ ’ਚ ਆਉਂਦੇ ਹੋ ਤਾਂ 20 ਕਰੋੜ ਅਤੇ ਜੇਕਰ ਆਪਣੇ ਨਾਲ ਹੋਰਨਾਂ ਨੂੰ ਲਿਆਉਂਦੇ ਹੋ ਤਾਂ 25 ਕਰੋੜ। ਉਨ੍ਹਾਂ ਕਿਹਾ ਕਿ ਅਜੇ ਦੱਤ, ਸੰਜੀਵ ਝਾਅ, ਸੋਮਨਾਥ ਭਾਰਤੀ ਅਤੇ ਕੁਲਦੀਪ ਨਾਲ ਭਾਜਪਾ ਆਗੂਆਂ ਨੇ ਸੰਪਰਕ ਕੀਤਾ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਭਾਜਪਾ ਆਗੂਆਂ ਦੇ ਇਨ੍ਹਾਂ ਵਿਧਾਇਕਾਂ ਨਾਲ 'ਦੋਸਤਾਨਾ ਸਬੰਧ' ਹਨ।
ਮਨੀਸ਼ ਸਿਸੋਦੀਆ ਨੇ ਦੱਸਿਆ ਉਨ੍ਹਾਂ ਨੂੰ CM ਅਹੁਦੇ ਦੀ ਹੋਈ ਸੀ ਪੇਸ਼ਕਸ਼
ਇਸ ਤੋਂ ਪਹਿਲਾਂ ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਦਾਅਵਾ ਕੀਤਾ ਸੀ ਕਿ ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਅਤੇ 'ਆਪ' ਪਾਰਟੀ ਛੱਡਣ ਤੋਂ ਬਾਅਦ ਸਾਰੇ ਕੇਸ ਵਾਪਸ ਲੈਣ ਦੀ ਪੇਸ਼ਕਸ਼ ਕੀਤੀ ਸੀ। ਮਨੀਸ਼ ਸਿਸੋਦੀਆ ਆਬਕਾਰੀ ਪਾਲਸੀ (2021-22) ਨੂੰ ਲਾਗੂ ਕਰਨ ’ਚ ਕਥਿਤ ਬੇਨਿਯਮੀਆਂ ਲਈ ਕੇਂਦਰੀ ਜਾਂਚ ਬਿਓਰੋ (CBI) ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ।