CBI ਦੀ 10 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ’ਚ ਸਿਸੋਧੀਆ ਦਾ ਨਾਮ ਤੱਕ ਨਹੀਂ, ਮਤਲਬ ਕੋਈ ਸ਼ਰਾਬ ਘੁਟਾਲਾ ਨਹੀਂ ਹੋਇਆ: AAP
ਇੰਨਫੋਰਸਮੈਂਟ ਡਿਪਾਰਟਮੈਂਟ ਅਤੇ ਸੀ. ਬੀ. ਆਈ. ਦੀਆਂ ਚਾਰਜਸ਼ੀਟਾਂ ’ਚ ਮਨੀਸ਼ ਸਿਸੋਧੀਆ ਦਾ ਨਾਮ ਨਾ ਆਉਣ ਕਾਰਨ, ਆਮ ਆਦਮੀ ਪਾਰਟੀ ਇਸ ਨੂੰ ਕਲੀਨ ਚਿੱਟ ਮੰਨ ਰਹੀ ਹੈ।
Delhi Liquor Scam: ਦਿੱਲੀ ’ਚ ਸ਼ਰਾਬ ਨੀਤੀ ਘੁਟਾਲੇ ਸਬੰਧੀ ਇੰਨਫੋਰਸਮੈਂਟ ਡਿਪਾਰਟਮੈਂਟ (ED) ਦੁਆਰਾ ਚਾਰਜਸ਼ੀਟ (Charge Sheet) ਦਾਖ਼ਲ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਦੀ ਘੜੀ ਸਿਰਫ਼ ਸਮੀਰ ਮਹੇਂਦਰੂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਰਹੇ ਹਾਂ, ਜਦਕਿ ਦੂਜੇ ਆਰੋਪੀਆਂ ਖ਼ਿਲਾਫ਼ ਚਾਰਜਸ਼ੀਟ ਜਲਦੀ ਹੀ ਦਾਖ਼ਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੀ. ਬੀ. ਆਈ. (CBI) ਦੁਆਰਾ ਵੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ, ਦੋਹਾਂ ਚਾਰਜਸ਼ੀਟਾਂ ’ਚ ਡਿਪਟੀ ਸੀ. ਐੱਮ. ਮਨੀਸ਼ ਸਿਸੋਧੀਆ ਦਾ ਨਾਮ ਨਹੀਂ ਆਇਆ ਹੈ।
ਇੰਨਫੋਰਸਮੈਂਟ ਡਿਪਾਰਟਮੈਂਟ (ED) ਅਤੇ ਸੀ. ਬੀ. ਆਈ. (CBI) ਦੀਆਂ ਚਾਰਜਸ਼ੀਟਾਂ ’ਚ ਮਨੀਸ਼ ਸਿਸੋਧੀਆ ਦਾ ਨਾਮ ਨਾ ਆਉਣ ਕਾਰਨ, ਆਮ ਆਦਮੀ ਪਾਰਟੀ ਇਸ ਨੂੰ ਕਲੀਨ ਚਿੱਟ (Clean chit) ਮੰਨ ਰਹੀ ਹੈ।
ਇਸ ਮਾਮਲੇ ’ਤੇ ਬੋਲਦਿਆਂ ਦਿੱਲੀ ਦੇ CM ਅਰਵਿੰਦ ਕੇਜਰੀਵਾਲ (Arvind Kejriwal) ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਕ੍ਰਾਂਤੀ ਲਿਆਉਣ ਅਤੇ ਦੁਨੀਆ ਭਰ ’ਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਮਨੀਸ਼ ਸਿਸੋਧੀਆ ਨੂੰ ਝੂਠੇ ਕੇਸ ’ਚ ਫਸਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ? ਉਨ੍ਹਾਂ ਕਿਹਾ ਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਜੇਲ੍ਹ ’ਚ ਭੇਜਣ ਨਾਲ ਕੀ ਦੇਸ਼ ਤਰੱਕੀ ਕਰੇਗਾ?
CBI ਅਤੇ ED ਦੀ ਚਾਰਜਸ਼ੀਟ ਨੇ ਸਿੱਧ ਕੀਤਾ ਕਿ ਕੋਈ ਘੁਟਾਲਾ ਨਹੀਂ ਹੋਇਆ: ਸਿਸੋਧੀਆ
ਅਰਵਿੰਦ ਕੇਜਰੀਵਾਲ ਨੇ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆ ਖ਼ੁਦ ਦਿੱਲੀ ਦੇ ਡਿਪਟੀ CM ਸਿਸੋਧੀਆ (Manish Sisodia) ਨੇ ਲਿਖਿਆ ਕਿ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਅਤੇ ਝੂਠੀ FIR ਤੋਂ ਬਾਅਦ ਵੀ ਮੇਰੇ ’ਤੇ ਕੋਈ ਆਰੋਪ ਸਾਬਤ ਨਹੀਂ ਹੋਇਆ ਹੈ। 800 ਅਧਿਕਾਰੀਆਂ ਦੀ ਟੀਮ ਨੇ 500 ਤੋਂ ਵੱਧ ਥਾਵਾਂ ’ਤੇ ਛਾਪੇ ਮਾਰਨ ਤੋਂ ਬਾਅਦ ਜੋ ਚਾਰਜਸ਼ੀਟ ਦਾਖ਼ਲ ਕੀਤੀ ਹੈ, ਉਸ ’ਚ ਮੇਰਾ ਨਾਮ ਤੱਕ ਨਹੀਂ ਹੈ। ਸੋ, ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੋਈ ਘੁਟਾਲਾ ਨਹੀਂ ਹੋਇਆ ਹੈ।
ਸਬੂਤ ਹੁੰਦਾ ਤਾਂ ਭਾਜਪਾ ਵਾਲਿਆਂ ਨੇ ਛੱਤ ’ਤੇ ਚੜ੍ਹ ਕੇ ਰੌਲ਼ਾ ਪਾਉਣਾ ਸੀ: ਚੱਢਾ
ਸਿਸੋਧੀਆ ਅਤੇ ਕੇਜਰੀਵਾਲ ਤੋਂ ਇਲਾਵਾ ਰਾਘਵ ਚੱਢਾ (Raghav Chadha) ਨੇ ਵੀ ਇਸ ਮਾਮਲੇ ’ਚ ਪ੍ਰੈਸ-ਕਾਨਫ਼ੰਰਸ ਕੀਤੀ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ੁੱਕਰਵਾਰ 25 ਨਵੰਬਰ ਨੂੰ ਸੀ. ਬੀ. ਆਈ. ਵਲੋਂ ਸ਼ਰਾਬ ਘੁਟਾਲੇ (Liquor Scam) ’ਚ 10 ਹਜ਼ਾਰ ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ’ਚ ਮਨੀਸ਼ ਸਿਸੋਧੀਆ ਦਾ ਨਾਮ ਤੱਕ ਨਹੀਂ ਹੈ।
ਚੱਢਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਨੀਵਾਰ 26 ਨਵੰਬਰ ਨੂੰ ਇੰਨਫੋਰਸਮੈਂਟ ਡਿਪਾਰਟਮੈਂਟ ਦਾਇਰ ਕੀਤੀ ਗਈ ਉਸ ’ਚ ਵੀ ਮਨੀਸ਼ ਸਿਸੋਧੀਆ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਭਾਜਪਾ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ MCD ਦੀਆਂ ਚੋਣਾਂ ’ਚ ਹਫ਼ਤੇ ਦਾ ਸਮਾਂ ਬਾਕੀ ਹੈ। ਜੇਕਰ ਅਜਿਹੇ ’ਚ ਸਿਸੋਧੀਆ ਖ਼ਿਲਾਫ਼ ਕੋਈ ਵੀ ਸਬੂਤ ਹੁੰਦਾ ਤਾਂ ਭਾਜਪਾ ਦੇ ਲੀਡਰਾਂ ਨੇ ਛੱਤਾਂ ’ਤੇ ਚੜ੍ਹ ਕੇ ਰੋਲ਼ਾ ਪਾਉਣਾ ਸੀ, ਪਰ ਅਫ਼ਸੋਸ ਕਿ ਉਨ੍ਹਾਂ ਕੋਲ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਦੇ ਲੀਡਰ ਦਿਨ-ਰਾਤ ਸਿਸੋਧੀਆ ਨੂੰ ਭ੍ਰਿਸ਼ਟ, ਬੇਈਮਾਨ ਦੱਸਦੇ ਸਨ, ਅੱਜ ਕਹਿ ਰਹੇ ਹਨ ਕਿ ਹੋ ਸਕਦਾ ਹੈ ਅੱਗੇ ਕੋਈ ਸਬੂਤ ਮਿਲ ਜਾਵੇ।
ਗੁਜਰਾਤ ਦੇ ਮੁੱਦੇ ’ਤੇ ਬੋਲਦਿਆਂ ਚੱਢਾ ਨੇ ਕਿਹਾ ਕਿ ਸੂਬੇ ’ਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਯੂਨੀਫ਼ਾਰਮ ਸਿਵਲ ਕੋਡ (UCC) ਲਾਗੂ ਕਰਨ ਦੇ ਭਾਜਪਾ ਦੇ ਵਾਅਦੇ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ 27 ਸਾਲਾਂ ਤੋਂ ਗੁਜਰਾਤ ’ਚ ਭਾਜਪਾ ਦੀ ਸਰਕਾਰ ਹੈ, ਉਹ ਜਦੋਂ ਚਾਹੁੰਦੇ UCC ਕਾਨੂੰਨ ਲਾਗੂ ਕਰ ਸਕਦੇ ਸਨ, ਪਰ ਭਾਜਪਾ ਹਮੇਸ਼ਾ ਝੂਠੇ ਵਾਅਦੇ ਕਰਦੀ ਹੈ, ਜੋ ਕਦੇ ਵੀ ਪੂਰੇ ਨਹੀਂ ਹੋਣਗੇ।
ਇਹ ਵੀ ਪੜ੍ਹੋ: ਨਸ਼ੇ ਦੀ ਹਾਲਤ ’ਚ Cruise ਤੋਂ ਸਾਗਰ ’ਚ ਡਿੱਗਿਆ ਸ਼ਰਾਬੀ 15 ਘੰਟੇ ਬਾਅਦ ਜਿਊਂਦਾ ਬਾਹਰ ਕੱਢਿਆ!