Chief Electoral Officer Punjab: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਰਗਰਮ ਭੂਮਿਕਾ ਨਿਭਾਉਣ ਅਤੇ ਵੋਟਰਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਸਾਰ ਲਈ ਦੇਸ਼ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।


COMMERCIAL BREAK
SCROLL TO CONTINUE READING

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਇੰਡੈਕਸ ਮਾਪਦੰਡਾਂ ਦੇ ਆਧਾਰ 'ਤੇ ਪੰਜਾਬ ਦੂਜੇ ਸਥਾਨ 'ਤੇ ਹੈ, ਜਦਕਿ ਮਹਾਰਾਸ਼ਟਰ ਪਹਿਲੇ, ਕਰਨਾਟਕ ਤੀਜੇ, ਉੱਤਰਾਖੰਡ ਚੌਥੇ ਅਤੇ ਉੱਤਰ ਪ੍ਰਦੇਸ਼ ਪੰਜਵੇਂ ਸਥਾਨ 'ਤੇ ਹੈ।


ਸਿਬਿਨ ਸੀ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਦੇ ਸੋਸ਼ਲ ਮੀਡੀਆ ਹੈਂਡਲਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂਟਿਊਬ) ਉੱਤੇ ਲੋਕ ਸਭਾ ਚੋਣਾਂ 2024, ਚੋਣਾਂ ਨਾਲ ਸਬੰਧਤ ਵੇਰਵਿਆਂ, ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ਾਂ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਮੁੱਖ ਹਦਾਇਤਾਂ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ ਅਤੇ ਲੱਖਾਂ ਸੋਸ਼ਲ ਮੀਡੀਆ ਵਰਤੋਂਕਾਰ ਇਸ ਤੋਂ ਲਾਭ ਉਠਾਉਂਦੇ ਹਨ। ਇਸ ਤੋਂ ਇਲਾਵਾ, ਸੀ-ਵਿਜਿਲ ਐਪਲੀਕੇਸ਼ਨ ਦੁਆਰਾ ਪ੍ਰਾਪਤ ਸ਼ਿਕਾਇਤਾਂ ਦੀ ਸਥਿਤੀ ਬਾਰੇ ਸਮੇਂ-ਸਮੇਂ ਉੱਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਅੱਪਡੇਟ ਸਾਂਝੇ ਕੀਤੇ ਜਾਂਦੇ ਹਨ।


ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੇ ਇਕ ਨਿਵੇਕਲੀ ਪਹਿਲਕਦਮੀ ਤਹਿਤ ਵੋਟਰਾਂ ਨੂੰ ਚੋਣ ਪ੍ਰਕਿਰਿਆਵਾਂ ਬਾਰੇ ਜ਼ਰੂਰੀ ਜਾਣਕਾਰੀਆਂ ਪ੍ਰਦਾਨ ਕਰਨ ਲਈ ਨਿਯਮਤ ਪੋਡਕਾਸਟ ਸ਼ੁਰੂ ਕੀਤਾ ਹੈ। ਇਸ ਨੂੰ ਸ਼ੁਰੂ ਕਰਨ ਦਾ ਮਕਸਦ ਚੋਣ ਪ੍ਰਕਿਰਿਆਵਾਂ ਦੇ ਮੁੱਖ ਪਹਿਲੂਆਂ, ਜਿਵੇਂ ਕਿ ਵੋਟਰ ਰਜਿਸਟ੍ਰੇਸ਼ਨ, ਵੋਟਿੰਗ ਪ੍ਰਕਿਰਿਆਵਾਂ ਅਤੇ ਨਾਗਰਿਕਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਦੀ ਮਹੱਤਤਾ ਉੱਤੇ ਚਾਨਣਾ ਪਾਉਣਾ ਹੈ ਤਾਂ ਜੋ ਵੋਟਰ ਜਾਗਰੂਕਤਾ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਦਰਸ਼ਕਾਂ ਨੂੰ ਇਸ ਪੋਡਕਾਸਟ ਰਾਹੀਂ ਮਾਹਰ ਵਿਸ਼ਲੇਸ਼ਣ ਅਤੇ ਵਿਚਾਰ-ਵਟਾਂਦਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਇਸ ਲੋਕਤੰਤਰੀ ਪ੍ਰਕਿਰਿਆ ਵਿੱਚ ਇਕ ਜਾਗਰੂਕ ਵੋਟਰ ਬਣ ਕੇ ਆਪਣੀ ਵੋਟ ਦਾ ਸਹੀ ਇਸਤਮਾਲ ਕਰ ਸਕਣ।