Malot News: ਮਲੋਟ `ਚ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ; 135 ਕੇਸ ਆਏ ਸਹਾਮਣੇ, 1 ਦੀ ਮੌਤ
Malout News: ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿੱਚੋਂ ਮਲੋਟ ਵਿੱਚ 950 ਦੇ ਕਰੀਬ ਡੇਂਗੂ ਦੇ ਟੈਸਟ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 135 ਕੇਸ ਪਾਜਟਿਵ ਆਏ ਹਨ ਅਤੇ ਇੱਕ ਔਰਤ ਦੀ ਮੌਤ ਹੋ ਗਈ ਹੈ।
Malout News: ਮਲੋਟ ਵਿੱਚ ਡੇਂਗੂ ਦਾ ਪ੍ਰਕੋਪ ਬਹੁਤ ਹੀ ਜ਼ਿਆਦਾ ਵੱਧ ਰਿਹਾ ਹੈ। ਇਸ ਦੌਰਾਨ 135 ਪਾਜਟਿਵ ਕੇਸ ਸਾਹਮਣੇ ਆਏ ਹਨ ਅਤੇ ਇਸ ਚੱਲ ਦੇ ਇੱਕ ਔਰਤ ਦੀ ਮੌਤ ਵੀ ਹੋ ਚੁੱਕੀ ਹੈ। ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦੀ ਘਾਟ ਕਾਰਨ ਲੋਕ ਜ਼ਿਆਦਾਤਰ ਪ੍ਰਾਈਵੇਟ ਇਲਾਜ ਨੂੰ ਤਰਜੀਹ ਦੇ ਰਹੇ ਹਨ। ਪਰ ਸਰਕਾਰ ਦੀ ਡੇਂਗੂ ਰੋਕੋ ਟੀਮ ਦਾ ਦਾਅਵਾ ਹੈ ਕਿ ਸਾਡੀਆਂ ਪੰਜ ਟੀਮਾਂ ਮੁਹੱਲਿਆਂ ਵਿੱਚ ਕੰਮ ਕਰ ਰਹੀਆਂ ਹਨ।
ਮੌਸਮ ਬਦਲਦੇ ਹੀ ਇਨ੍ਹਾਂ ਦਿਨਾਂ ਵਿੱਚ ਡੇਂਗੂ ਦਾ ਪ੍ਰਕੋਪ ਕਾਫ਼ੀ ਵੱਧ ਜਾਂਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਲੋਟ ਸ਼ਹਿਰ ਦੀ ਜਿੱਥੇ ਜੇਕਰ ਆਮ ਮੁਹੱਲਿਆਂ ਦੀ ਗੱਲ ਕਰੀਏ ਤਾਂ ਇਸ ਵਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ। ਜ਼ਿਆਦਾਤਰ ਲੋਕ ਸਰਕਾਰੀ ਇਲਾਜ ਦੀ ਬਜਾਏ ਪ੍ਰਾਈਵੇਟ ਇਲਾਜ ਨੂੰ ਤਰਜੀਹ ਦੇ ਰਹੇ ਹਨ। ਸਿਵਲ ਹਸਪਤਾਲ ਮਲੋਟ ਦੀ ਡੇਂਗੂ ਰੋਕੋ ਟੀਮ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਰਕਾਰੀ ਅੰਕੜਿਆਂ ਅਨੁਸਾਰ ਇਸ ਵਾਰ ਪੂਰੇ ਜ਼ਿਲ੍ਹੇ ਵਿੱਚੋਂ ਮਲੋਟ ਵਿੱਚ 950 ਦੇ ਕਰੀਬ ਡੇਂਗੂ ਦੇ ਟੈੱਸਟ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 135 ਕੇਸ ਪਾਜਟਿਵ ਆਏ ਹਨ ਅਤੇ ਇੱਕ ਔਰਤ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਾਡੀਆਂ ਪੰਜ ਟੀਮਾਂ ਵੱਖ-ਵੱਖ ਮੁਹੱਲਿਆਂ ਵਿੱਚ ਲੱਗੀਆਂ ਹੋਈਆ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮਰੀਜ਼ਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਘੱਟ ਹੈ।
ਦੂਜੇ ਪਾਸੇ ਡੇਂਗੂ ਦੇ ਮਰੀਜ਼ਾਂ ਦੀ ਜ਼ੁਬਾਨੀ ਕੁੱਝ ਹੋਰ ਹੀ ਬਿਆਨ ਕਰਦੀ ਹੈ ਜੋ ਕੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਡੇਂਗੂ ਪੀੜਤ ਮਰੀਜ਼ ਸ਼ਿੰਦਰਪਾਲ ਨੇ ਦੱਸਿਆ ਕੇ ਅਸੀਂ ਘਰ ਵਿਚ 4 ਜੀਅ ਹਾਂ ਜੋ ਸਾਰੇ ਡੇਂਗੂ ਦਾ ਸ਼ਿਕਾਰ ਹਾਂ। ਅਸੀਂ ਸਰਕਾਰੀ ਹਸਪਤਾਲ ਵਿਚ ਟੈੱਸਟ ਕਰਵਾਇਆ ਸੀ। ਜਿਨ੍ਹਾਂ ਦੇ ਇਲਾਜ ਸਹੀ ਨਾ ਹੋਣ ਕਰ ਕੇ ਸਾਨੂੰ ਮਜਬੂਰਨ ਪ੍ਰਾਈਵੇਟ ਇਲਾਜ ਕਰਵਾਉਣਾ ਪੈ ਰਿਹਾ ਹੈ। ਸਰਕਾਰੀ ਹਸਪਤਾਲ ਵਿਚ ਕੋਈ ਉਕਤ ਪ੍ਰਬੰਧ ਨਹੀਂ ਹਨ। ਸਾਨੂੰ ਫ਼ੋਨ ਜ਼ਰੂਰ ਆਇਆ ਪਰ ਅਜੇ ਤੱਕ ਕੋਈ ਸਰਕਾਰੀ ਟੀਮ ਸਾਡੇ ਤੱਕ ਨਹੀਂ ਪਹੁੰਚੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੇਰੇ ਆਸ ਪਾਸ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਹੈ। ਪਰ ਸਰਕਾਰੀ ਹਸਪਤਾਲ ਵਿਚ ਸਹੀ ਇਲਾਜ ਨਾ ਹੋਣ ਅਤੇ ਪੂਰੇ ਪ੍ਰਬੰਧ ਨਾ ਹੋਣ ਕਰ ਕੇ ਲੋਕ ਆਪਣਾ ਪ੍ਰਾਈਵੇਟ ਇਲਾਜ ਕਰਵਾ ਰਹੇ ਹਨ।