ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ, ਯੂਪੀ ਦੇ ਬਾਗਪਤ ਆਸ਼ਰਮ `ਚ ਰਹਿਣਗੇ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿਭਾਗ ਨੇ ਇੱਕ ਮਹੀਨੇ ਲਈ ਪੈਰੋਲ ਦਿੱਤੀ ਹੈ।
ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿਭਾਗ ਨੇ ਇੱਕ ਮਹੀਨੇ ਲਈ ਪੈਰੋਲ ਦਿੱਤੀ ਹੈ। ਇਸ ਦੌਰਾਨ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ 'ਚ ਰਹੇਗਾ। ਸ਼ੁੱਕਰਵਾਰ ਸਵੇਰੇ ਰਾਮ ਰਹੀਮ ਨੂੰ ਭਾਰੀ ਸੁਰੱਖਿਆ ਵਿਚਕਾਰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੈਰੋਲ ਦੀ ਮਿਆਦ ਦੌਰਾਨ ਰਾਮ ਰਹੀਮ ਬਾਗਪਤ ਸਥਿਤ ਡੇਰਾ ਆਸ਼ਰਮ 'ਚ ਰਹੇਗਾ। ਜ਼ਿਕਰਯੋਗ ਹੈ ਕਿ ਜਿਨਸੀ ਸ਼ੋਸ਼ਣ ਤੋਂ ਇਲਾਵਾ ਰਾਮ ਰਹੀਮ ਦੋ ਕਤਲਾਂ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ। ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਅਗਸਤ 2017 ਵਿੱਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਉਥੇ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਵੀ ਰਾਮ ਰਹੀਮ ਨੂੰ ਸਜ਼ਾ ਹੋ ਚੁੱਕੀ ਹੈ। ਅਗਸਤ 2017 ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਪੈਰੋਲ ਦਿੱਤੀ ਹੋਈ ਹੈ। ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਕਿ ਹਰਿਆਣਾ ਸਰਕਾਰ ਰਾਮ ਰਹੀਮ 'ਤੇ ਮਿਹਰਬਾਨ ਹੋਈ ਹੈ। ਇਸ ਤੋਂ ਪਹਿਲਾਂ ਇਸ ਸਾਲ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਸਰਕਾਰ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਵੀ ਦਿੱਤੀ ਗਈ ਸੀ। ਇਸ ਦੌਰੇ ਦੌਰਾਨ ਰਾਮ ਰਹੀਮ ਜ਼ਿਆਦਾਤਰ ਗੁਰੂਗ੍ਰਾਮ ਸਥਿਤ ਆਪਣੇ ਆਸ਼ਰਮ 'ਚ ਹੀ ਰਹੇ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਰਾਮ ਰਹੀਮ ਨੂੰ ਬੀਮਾਰ ਮਾਂ ਨੂੰ ਦੇਖਣ ਲਈ 48 ਘੰਟੇ ਦੀ ਐਮਰਜੈਂਸੀ ਪੈਰੋਲ ਦਿੱਤੀ ਗਈ ਸੀ। ਫਿਰ ਰਾਮ ਰਹੀਮ ਗੁਰੂਗ੍ਰਾਮ ਵਿੱਚ ਆਪਣੀ ਬੀਮਾਰ ਮਾਂ ਨੂੰ ਮਿਲਿਆ। ਇਸ ਤੋਂ ਇਲਾਵਾ ਰਾਮ ਰਹੀਮ ਨੂੰ ਮਈ ਅਤੇ ਜੂਨ ਵਿੱਚ ਇਲਾਜ ਲਈ ਪੀਜੀਆਈ ਰੋਹਤਕ ਅਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਸੀ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ। ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਪੇਸ਼ੀ ਦੌਰਾਨ ਵੱਡੇ ਪੱਧਰ ’ਤੇ ਹਿੰਸਾ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਲਿਆਂਦਾ ਗਿਆ। ਬੀਤੀ 28 ਅਗਸਤ ਨੂੰ ਜੇਲ ਕੰਪਲੈਕਸ ਵਿੱਚ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਹੋਈ ਤੇ ਸੀਬੀਆਈ ਜੱਜ ਜਗਦੀਪ ਸਿੰਘ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਸੁਣਾਈ। ਜਨਵਰੀ 2019 ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਕਤੂਬਰ 2021 ਵਿੱਚ, ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਮ ਰਹੀਮ ਨੂੰ ਜੇਲ੍ਹ ਦੀ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ। ਸਮੇਂ-ਸਮੇਂ 'ਤੇ ਪਰਿਵਾਰਕ ਮੈਂਬਰ ਅਤੇ ਵਕੀਲ ਰਾਮ ਰਹੀਮ ਨੂੰ ਜੇਲ੍ਹ ਦੇ ਅੰਦਰ ਹੀ ਮਿਲਦੇ ਰਹਿੰਦੇ ਹਨ।