Doctors Strike News: ਸਿਵਲ ਹਸਪਤਾਲ ਸਮਰਾਲਾ `ਚ ਡਾਕਟਰਾਂ ਦੀ ਹੜਤਾਲ; ਮਰੀਜ਼ ਹੋਏ ਪਰੇਸ਼ਾਨ
Doctors Strike News: ਸਰਕਾਰੀ ਡਾਕਟਰਾਂ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਅੱਧੇ ਦਿਨ ਲਈ ਬੰਦ ਰੱਖਣ ਦੇ ਐਲਾਨ ਮਗਰੋਂ ਮਰੀਜ਼ ਖੱਜਲ-ਖੁਆਰ ਹੋਏ।
Doctors strike News (ਵਰੁਣ ਕੌਸ਼ਲ): ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਅੱਜ 9 ਸਤੰਬਰ ਤੋਂ ਐਲਾਨੀ ਹੜਤਾਲ ਵਿੱਚ ਬਦਲਾਅ ਕਰਦਿਆਂ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਅੱਧੇ ਦਿਨ ਤੱਕ 8 ਤੋਂ 11 ਵਜੇ ਤੱਕ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਹੜਤਾਲ ਦੇ ਇਸ ਸੱਦੇ ਦਾ ਸਮਰਥਨ ਕਰਦਿਆਂ ਸਿਵਲ ਹਸਪਤਾਲ ਸਮਰਾਲਾ ਵਿੱਚ ਵੀ ਸਮੂਹ ਡਾਕਟਰਾਂ ਵੱਲੋਂ ਹੜਤਾਲ ਵਿੱਚ ਸ਼ਾਮਿਲ ਹੁੰਦੇ ਹੋਏ ਓਪੀਡੀ ਸੇਵਾਵਾਂ ਅੱਧੇ ਦਿਨ ਲਈ ਬੰਦ ਰੱਖੀਆਂ ਗਈਆਂ। ਇਸ ਦੌਰਾਨ ਦਵਾਈ ਲੈਣ ਆਏ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਦਵਾਈ ਲੈਣ ਬੈਠੇ ਹਨ ਅਤੇ ਜਦੋਂ ਡਾਕਟਰ ਆਏ ਤਾਂ ਪਤਾ ਚੱਲਿਆ ਕਿ ਉਹ ਹੜਤਾਲ ਉਤੇ ਹਨ। ਇਸ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਹਾਜ਼ਰ ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰਾਂ ਨੇ ਕਿਹਾ ਕਿ ਅਸੀਂ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਏ ਰੱਖਣਾ ਚਾਹੁੰਦੇ ਹਾਂ ਪਰ ਹਾਲੇ ਵੀ ਕਿਉਂਕਿ ਸਰਕਾਰ ਵੱਲੋਂ ਸਿਹਤ ਮੰਤਰੀ ਦੁਆਰਾ ਦਿੱਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਜ਼ਮੀਨੀ ਪੱਧਰ ਉਤੇ ਨਹੀਂ ਪਹੁੰਚੇ, ਨਾ ਹੀ ਸਰਕਾਰ ਵਾਰ-ਵਾਰ ਮੀਟਿੰਗਾਂ ਵਿਚ ਸਮਾਂਬੱਧ ਤਰੱਕੀਆਂ ਸਬੰਧੀ ਕੋਈ ਨੋਟੀਫਿਕੇਸ਼ਨ ਲੈ ਕੇ ਆਈ ਹੈ।
ਜਥੇਬੰਦੀ ਨੇ ਸਾਫ਼ ਕੀਤਾ ਹੈ ਕਿ ਜੇਕਰ 11 ਸਤੰਬਰ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਅਤੇ ਤਰੱਕੀਆਂ ਸਬੰਧੀ ਕਿਸੇ ਵੀ ਤਰ੍ਹਾਂ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ ਤਾਂ 12 ਤਾਰੀਕ ਤੋਂ ਮੁਕੰਮਲ ਹੜਤਾਲ ਕੀਤੀ ਜਾਏਗੀ। ਆਪਣੀਆਂ ਮੰਗਾਂ ਨੂੰ ਲੈ ਕੇ ਡਾਕਟਰਾਂ ਵੱਲੋਂ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਨਹੀਂ ਮਿਲੀ ਰਹੀਆਂ ਇਹ ਸੇਵਾਵਾਂ
ਪਹਿਲਾਂ ਡਾਕਟਰਾਂ ਵੱਲੋਂ ਅਣਮਿੱਥੇ ਸਮੇਂ ਲਈ ਬੰਦ ਦਾ ਐਲਾਨ ਕੀਤਾ ਗਿਆ ਸੀ ਪਰ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਅਤੇ ਕੈਬਨਿਟ ਦੀ ਸਬ ਕਮੇਟੀ ਦੇ ਤੌਰ ਉਤੇ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਨੂੰ ਮੀਟਿੰਗ ਕਰਵਾਏ ਜਾਣ ਦਾ ਸੱਦਾ ਦੇਣ ਤੋਂ ਬਾਅਦ ਡਾਕਟਰਾਂ ਨੇ ਮਰੀਜ਼ਾਂ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਣਾ ਵਿਰੋਧ ਥੋੜ੍ਹਾ ਘਟਾਇਆ ਹੈ। ਸਵੇਰੇ 8 ਤੋਂ 11 ਵਜੇ ਤਕ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ।
ਜਥੇਬੰਦੀ ਮੁਤਾਬਕ ਕੋਈ ਵੀ ਆਮ ਮੈਡੀਕਲ ਮੁਆਇਨੇ ਨਹੀਂ ਹੋਣਗੇ ਜਿਵੇਂ ਭਰਤੀ ਨਾਲ ਸਬੰਧਤ ਮੁਆਇਨੇ, ਡਰਾਈਵਿੰਗ ਲਾਇਸੈਂਸ ਵਾਸਤੇ ਤੇ ਹਥਿਆਰਾਂ ਦੇ ਲਾਇਸੈਂਸ ਲਈ ਮੈਡੀਕਲ ਮੁਆਇਨੇ। ਡੇਂਗੂ ਨੂੰ ਛੱਡ ਕੇ ਕੋਈ ਰਿਪੋਰਟਾਂ ਨਹੀਂ ਭੇਜੀਆਂ ਜਾਣਗੀਆਂ। ਡਾਕਟਰਾਂ ਮੁਤਾਬਕ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।