Bathinda News: ਭ੍ਰਿਸ਼ਟਾਚਾਰ ਦੇ ਮਾਮਲੇ ''ਚ ਗ੍ਰਿਫਤਾਰ ਡੀਐਸਪੀ ਬਲਜੀਤ ਸਿੰਘ ਬਰਾੜ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਬਲਜੀਤ ਬਰਾੜ ਨੂੰ ਦੋ ਦਿਨਾਂ ਲਈ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।  ਅਧਿਕਾਰੀਆਂ ਨੇ ਕਿਹਾ ਪੁੱਛਗਿੱਛ ਦੌਰਾਨ ਬੈਂਕ ਖਾਤਿਆਂ ਤੇ ਜਾਇਦਾਦ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।


COMMERCIAL BREAK
SCROLL TO CONTINUE READING

ਬਠਿੰਡਾ ਦੀ ਸਬ ਡਿਵੀਜ਼ਨ ਮੌੜ ਮੰਡੀ ਵਿਖੇ ਤਾਇਨਾਤ ਡੀਐਸਪੀ ਬਲਜੀਤ ਸਿੰਘ ਨੂੰ ਬੀਤੇ ਦਿਨੀਂ ਵਿਜੀਲੈਂਸ ਦੀ ਚੰਡੀਗੜ੍ਹ ਤੇ ਬਠਿੰਡਾ ਟੀਮ ਵੱਲੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਅੱਜ ਡੀਐਸਪੀ ਬਲਜੀਤ ਸਿੰਘ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਡੀਐਸਪੀ ਬਲਜੀਤ ਸਿੰਘ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।


ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਡੀਐਸਪੀ ਬਲਜੀਤ ਸਿੰਘ ਵੱਲੋਂ ਪੁੱਛਗਿੱਛ ਦੌਰਾਨ ਸਹਿਯੋਗ ਨਾ ਦਿੱਤੇ ਜਾਣ ਕਾਰਨ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦਿਨਾਂ ਲਈ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਦਿਨਾਂ ਵਿੱਚ ਡੀਐਸਪੀ ਬਲਜੀਤ ਸਿੰਘ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦੇ ਵੇਰਵੇ ਇਕੱਠੀ ਕੀਤੇ ਜਾਣਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੇ ਡੀਐਸਪੀ ਬਲਜੀਤ ਸਿੰਘ ਵੱਲੋਂ ਭ੍ਰਿਸ਼ਟਾਚਾਰ ਕਰਦੇ ਹੋਏ ਕਿੰਨੀ ਕਿ ਜਾਇਦਾਦ ਬਣਾਈ ਗਈ ਹੈ।


ਦੱਸਣਯੋਗ ਹੈ ਸ਼ੁੱਕਰਵਾਰ ਨੂੰ ਸਬ ਡਵੀਜ਼ਨ ਮੌੜ ਦੇ ਡੀਐਸਪੀ ਬਲਜੀਤ ਸਿੰਘ ਬਰਾੜ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀ ਕਾਬੂ ਕੀਤਾ ਸੀ। ਇਹ ਕਾਰਵਾਈ ਵਿਜੀਲੈਂਸ ਵੱਲੋਂ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਾਸੀ ਰਵਿੰਦਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਉਤੇ ਕੀਤੀ ਗਈ ਸੀ। ਮੁੱਦਈ ਰਵਿੰਦਰ ਸਿੰਘ ਜੋ ਕਿ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਹੈ, ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਸਦੇ ਲੜਕੇ ਖਿਲਾਫ ਥਾਣਾ ਬਾਲਿਆਂਵਾਲੀ ਵਿੱਚ ਲੜਾਈ ਝਗੜੇ ਦੀ ਰਪਟ ਦਰਜ ਕੀਤੀ ਗਈ ਹੈ।


ਇਸ ਕੇਸ ਵਿੱਚ ਆਪਣੇ ਲੜਕੇ ਦੀ ਬੇਗੁਨਾਹੀ ਲਈ ਮੁੱਦਈ ਰਵਿੰਦਰ ਸਿੰਘ ਵੱਲੋਂ ਦਰਖਾਸਤ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੂੰ ਦਿੱਤੀ ਗਈ ਸੀ, ਜਿਸਦੀ ਪੜਤਾਲ ਡੀਐਸਪੀ ਸਬ ਡਵੀਜ਼ਨ ਮੌੜ ਨੂੰ ਮਾਰਕ ਹੋਈ ਸੀ। ਮੁੱਦਈ ਨੇ ਇਹ ਵੀ ਦੱਸਿਆ ਕਿ ਉਸ ਵੱਲੋਂ ਆਪਣੇ ਲੜਕੇ ਦੀ ਬੇਗੁਨਾਹੀ ਸਬੰਧੀ ਇੱਕ ਵੀਡੀਓ ਰਿਕਾਰਡਿੰਗ ਵੀ ਬਲਜੀਤ ਸਿੰਘ ਬਰਾੜ ਡੀਐਸਪੀ ਸਬ ਡਵੀਜ਼ਨ ਮੌੜ ਦੇ ਵਾਰ-ਵਾਰ ਪੇਸ਼ ਕੀਤੀ ਗਈ ਪ੍ਰੰਤੂ ਫਿਰ ਵੀ ਬਲਜੀਤ ਸਿੰਘ ਬਰਾੜ ਡੀਐਸਪੀ ਸਬ ਡਵੀਜ਼ਨ ਮੌੜ ਵੱਲੋਂ ਮੁੱਦਈ ਦੇ ਲੜਕੇ ਦੀ ਬੇਗੁਨਾਹੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਮੁੱਦਈ ਦੇ ਲੜਕੇ ਨੂੰ ਬੇਗੁਨਾਹ ਕਰਨ ਲਈ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਮੁੱਦਈ ਪਾਸ 50,000 ਰੁਪਏ ਪੂਰੇ ਨਾ ਹੋਣ ਕਰਕੇ ਉਸਨੇ 30,000 ਰੁਪਏ ਦਾ ਇੰਤਜ਼ਾਮ ਕੀਤਾ ਜੋ ਕੀ ਡੀਐਸਪੀ ਵੱਲੋਂ ਪਹਿਲੀ ਕਿਸ਼ਤ ਵਜੋਂ ਹਾਸਲ ਕੀਤੇ ਸਨ।


ਮੁੱਦਈ ਰਵਿੰਦਰ ਸਿੰਘ ਦੀ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਉਰੋ ਬਠਿੰਡਾ ਨੇ ਜਾਲ ਵਿਛਾਇਆ ਤੇ ਬਲਜੀਤ ਸਿੰਘ ਬਰਾੜ ਡੀਐਸਪੀ ਸਬ ਡਵੀਜ਼ਨ ਮੌੜ ਨੂੰ ਮੁੱਦਈ ਰਵਿੰਦਰ ਸਿੰਘ ਕੋਲੋਂ 30,000 ਰੁਪਏ ਦੀ ਰਿਸ਼ਵਤ ਦੀ ਰਕਮ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਡੀਐਸਪੀ ਬਲਜੀਤ ਸਿੰਘ ਬਰਾੜ ਦੇ ਰੀਡਰ ਹੌਲਦਾਰ ਮਨਪ੍ਰੀਤ ਸਿੰਘ ਕੋਲੋਂ 1,00,000  ਰੁਪਏ ਦੀ ਰਕਮ ਬ੍ਰਾਮਦ ਹੋਈ ਹੈ, ਜਿਸ ਸਬੰਧੀ ਸ਼ੱਕ ਹੈ ਕਿ ਇਹ ਵੀ ਰਿਸ਼ਵਤ ਦੀ ਰਕਮ ਹੋ ਸਕਦੀ ਹੈ। ਇਸ ਵੱਖਰੀ ਬਰਾਮਦ ਹੋਈ ਰਕਮ ਸਬੰਧੀ ਰੀਡਰ ਹੌਲਦਾਰ ਮਨਪ੍ਰੀਤ ਸਿੰਘ ਦਾ ਰੋਲ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।


ਇਹ ਵੀ ਪੜ੍ਹੋ : Punjab News: ਸਰਬ ਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਾਨ ਸਰਕਾਰ ਦੇਵੇਗੀ ਲੱਖਾਂ ਰੁਪਏ ਦੀ ਰਾਸ਼ੀ



ਰਿਪੋਰਟ ਕੁਲਬੀਰ ਬੀਰਾ