ਸਾਬਕਾ CM ਸਣੇ ਮਜੀਠੀਆ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦਿਆ ਹੀ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ।
ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦਿਆ ਹੀ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਇਸ ਮੌਕੇ ਕੇਂਦਰ ਸਰਕਾਰ ਅੱਗੇ ਮੰਗ ਕੀਤੀ ਆਜ਼ਾਦੀ ਦੇ ਦਿਹਾੜੇ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।
ਮੈਨੂੰ ਚੋਣਾਂ ਲੜਨ ਤੋਂ ਰੋਕਣ ਲਈ ਸਾਜਿਸ਼ ਘੜੀ ਗਈ: ਮਜੀਠੀਆ
ਉਨ੍ਹਾਂ ਇਸ ਮੌਕੇ ਪਿਛਲੀ ਕਾਂਗਰਸ ਸਰਕਾਰ ’ਤੇ ਦੋਸ਼ ਲਾਉਂਦਿਆ ਕਿਹਾ ਕਿ ਚੋਣਾਂ ਲੜਨ ਤੋਂ ਰੋਕਣ ਲਈ ਉਨ੍ਹਾਂ ਵਿਰੁੱਧ ਸਾਜਿਸ਼ ਘੜੀ ਗਈ ਸੀ। ਉਨ੍ਹਾਂ ਇਸ ਮੌਕੇ ਨਵਜੋਤ ਸਿੱਧੂ ਦਾ ਨਾਮ ਲਏ ਬਗੈਰ ਕਿਹਾ ਕਿ "ਮੇਰੇ ਖ਼ਿਲਾਫ਼ ਜ਼ੁਲਮ ਕਰਨ ਵਾਲੇ ਵੀ ਜੇਲ੍ਹ ’ਚ ਮੇਰੇ ਗੁਆਂਢੀ ਸਨ। ਉਨ੍ਹਾਂ ਆਪਣੇ ਵਿਰੋਧੀਆਂ ਨੂੰ ਮੁਆਫ਼ ਕਰਦਿਆਂ ਕਿਹਾ ਕਿ ਵਿਰੋਧ ਕਰਨਾ ਜਾਇਜ਼ ਹੈ, ਪਰ ਅਜਿਹਾ ਨਾ ਕੀਤਾ ਜਾਵੇ ਕਿ ਵਿਰੋਧਤਾ ਦੁਸ਼ਮਣੀ ’ਚ ਬਦਲ ਜਾਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ (ਬ) ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਦਾ ਰਿਹਾ ਹੈ।
ਕੈਪਟਨ ਨੇ ਵੀ ਮੰਗੀ ਬੰਦੀ ਸਿੰਘਾਂ ਦੀ ਰਿਹਾਈ
ਬਿਕਰਮ ਮਜੀਠੀਆ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਸਾਰੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ, ਜੋ ਆਪਣੀ ਬਣਦੀ ਸਜ਼ਾ ਪੂਰੀ ਕਰ ਚੁੱਕੇ ਹਨ। ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਆਪਣੀ ਅਪੀਲ ’ਚ ਕਿਹਾ, "ਅਸੀਂ ਆਪਣੀ ਆਜ਼ਾਦੀ ਦਾ 75ਵਾਂ ਵਰ੍ਹਾ ਸਦਭਾਵਨਾ ਨਾਲ ਮਨਾ ਰਹੇ ਹਾਂ, ਤੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਜੋ ਕਿ ਉਨ੍ਹਾਂ ਦਾ ਹੱਕ ਵੀ ਹੈ।" ਉਨ੍ਹਾਂ ਇਸ ਮੌਕੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵੀ ਹਵਾਲਾ ਦਿੱਤਾ ਜਿਸ ’ਚ ਕਿਹਾ ਗਿਆ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਲੋਕਾਂ ਦੀ ਰਿਹਾਈ ਬਾਰੇ ਵਿਚਾਰ ਕੀਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹ ਕੱਟੜ ਅਪਰਾਧੀ ਨਹੀਂ ਸਨ। ਸਗੋਂ ਉਹ ਕਾਲੇ ਦੌਰ ਦੌਰਾਨ ਜਜ਼ਬਾਤ ਨਾਲ ਭਰੇ ਹੋਏ ਸਨ, ਜਿਨ੍ਹਾਂ ਨੂੰ ਪੰਜਾਬ ਹੁਣ ਪਿੱਛੇ ਛੱਡ ਚੁੱਕਾ ਹੈ। ਸਿੱਖ ਕੈਦੀਆਂ ਨੇ ਲਗਭਗ ਆਪਣੀ ਜਿੰਦਗੀ ਨਾਲ ਉਸਦੀ ਕੀਮਤ ਅਦਾ ਕੀਤੀ ਹੈ, ਹੁਣ ਉਨ੍ਹਾਂ ਨੂੰ ਰਾਹਤ ਦੇਣ ਦਾ ਸਮਾਂ ਹੈ। ਜਿਸਦੇ ਉਹ ਕਾਨੂੰਨੀ ਤੌਰ ’ਤੇ ਵੀ ਹੱਕਦਾਰ ਹਨ।